
ਪਰਗਟ ਸਿੰਘ ਨੇ ਇਸ ਟਵੀਟ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।
ਚੰਡੀਗੜ੍ਹ: ਦਿੱਲੀ ਦੇ ਜਹਾਂਗੀਰਪੁਰੀ ਵਿਚ ਹਨੂੰਮਾਨ ਜਯੰਤੀ ਮੌਕੇ ਹੋਏ ਪਥਰਾਅ ਦੀ ਘਟਨਾ ਨੂੰ ਲੈ ਕੇ ਵਿਰੋਧੀ ਲਗਾਤਾਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਇਸੇ ਘਟਨਾ 'ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਕੇ ਕੇਜਰੀਵਾਲ 'ਤੇ ਸਵਾਲ ਖੜ੍ਹੇ ਕੀਤੇ ਹਨ।
Education Minister Pargat Singh
ਉਹਨਾਂ ਟਵੀਟ ਕਰਕੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਪ੍ਰਭਾਵਿਤ ਇਲਾਕਿਆਂ ਵਿਚ ਸ਼ਾਂਤੀ ਮਾਰਚ ਦੀ ਅਗਵਾਈ ਕਿਉਂ ਨਹੀਂ ਕਰ ਰਹੇ? ਦਿੱਲੀ ਸੜਦੀ ਦੇਖ ਕੇ ਭਗਤ ਸਿੰਘ ਨੇ ਪੰਜਾਬ, ਗੁਜਰਾਤ ਜਾਂ ਹਿਮਾਚਲ ਵਿਚ ਝੰਡਾ ਨਹੀਂ ਲਹਿਰਾਉਣਾ ਸੀ। ਪਰਗਟ ਸਿੰਘ ਨੇ ਇਸ ਟਵੀਟ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਦਿੱਲੀ ਦੀ ਭਾਈਚਾਰਕ ਸਾਂਝ ਨੂੰ ਅੱਗ ਵਿਚ ਧੱਕਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਘਰ ਵਿਚ ਵੜੇ ਬੈਠੇ ਹਨ। ਪੰਜਾਬ ਅਤੇ ਹਿਮਾਚਲ ਵਿਚ ਬਿਨ੍ਹਾਂ ਗੱਲੋਂ ਵੋਟਾਂ ਲਈ "ਸ਼ਾਂਤੀ ਮਾਰਚ" ਕੱਢਣ ਵਾਲੇ ਅਰਵਿੰਦ ਕੇਜਰੀਵਾਲ ਅੱਜ ਆਪਣੀ ਦਿੱਲੀ ਵਿਚ ਸ਼ਾਂਤੀ ਮਾਰਚ ਕਿਉ ਨੀ ਕੱਢ ਰਹੇ ?
ਉਹਨਾਂ ਕਿਹਾ ਕਿ 2020 ਵਿਚ ਵੀ ਜਦੋਂ ਦਿੱਲੀ ਵਿਚ ਦੰਗੇ ਹੋਏ ਸਨ ,ਬਿਲਕੁਲ ਇਸੇ ਤਰ੍ਹਾਂ ਕੇਜਰੀਵਾਲ ਅਤੇ ਉਹਨਾਂ ਦੇ ਵਿਧਾਇਕਾਂ ਨੇ ਚੁੱਪ ਕਰਕੇ ਘਰਾਂ ਅੰਦਰ ਬੈਠ ਕੇ ਦਿੱਲੀ ਨੂੰ ਸੜਨ ਦਿੱਤਾ ਸੀ। ਨਾ ਕੋਈ ਸ਼ਾਂਤੀ ਮਾਰਚ ਕੱਢਿਆ ਸੀ ਤੇ ਨਾ ਹੀ ਦੰਗੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਦੱਸ ਦੇਈਏ ਕਿ ਦਿੱਲੀ ਦੇ ਜਹਾਂਗੀਰਪੁਰੀ 'ਚ ਹਨੂੰਮਾਨ ਜਯੰਤੀ ਦੇ ਮੌਕੇ 'ਤੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਸੀ।