
Shri Fatehgarh Sahib : ਬਿਨਾਂ ਦੱਸੇ ਘਰੋਂ ਚਲਾ ਗਿਆ ਸੀ ਜਸਕੀਰਤ, ਸ੍ਰੀ ਹਰਿਮੰਦਰ ਸਾਹਿਬ 'ਚ ਕਰ ਰਿਹਾ ਸੀ ਲੰਗਰ ਦੀ ਸੇਵਾ
Shri Fatehgarh Sahib : ਫਤਿਹਗੜ੍ਹ ਸਾਹਿਬ ਦੇ ਅਮਲੋਹ ਤੋਂ 7 ਜੁਲਾਈ ਤੋਂ ਲਾਪਤਾ ਹੋਇਆ ਬੱਚਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਮਿਲਿਆ ਹੈ। ਅਮਲੋਹ ਪੁਲਿਸ ਬੱਚੇ ਦੀ ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਭਾਲ ਕਰ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਤੋਂ ਮਿਲੇ ਇਨਪੁਟ 'ਤੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ। ਇਸ ਮਾਮਲੇ ’ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੱਚੇ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ।
ਅਮਲੋਹ ਦੇ ਪਿੰਡ ਅਲੀਪੁਰ ਸੰਦਲ ਵਾਸੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 7 ਜੁਲਾਈ ਨੂੰ ਉਸ ਦਾ ਲੜਕਾ ਜਸਕੀਰਤ ਸਿੰਘ (12) ਬਿਨਾਂ ਦੱਸੇ ਘਰੋਂ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਬੱਚਾ ਘਰ ਵਾਪਸ ਨਹੀਂ ਆਇਆ। ਉਨ੍ਹਾਂ ਸ਼ੱਕ ਜਤਾਇਆ ਕਿ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਇਸ ਮਗਰੋਂ ਥਾਣਾ ਅਮਲੋਹ ਵਿਚ ਕੇਸ ਦਰਜ ਕੀਤਾ ਗਿਆ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੂੰ ਵਾਇਰਲੈੱਸ ਅਤੇ ਸੋਸ਼ਲ ਮੀਡੀਆ ਰਾਹੀਂ ਸੂਚਨਾ ਦਿੱਤੀ ਗਈ।
ਇਹ ਵੀ ਪੜੋ:Bollywood News : ਗੁਲਸ਼ਨ ਕੁਮਾਰ ਦੀ ਭਤੀਜੀ ਤੀਸ਼ਾ ਨੇ ਛੋਟੀ ਉਮਰ ’ਚ ਦੁਨੀਆਂ ਨੂੰ ਕਿਹਾ ਅਲਵਿਦਾ
ਇਸ ਸਬੰਧੀ ਅਮਲੋਹ ਥਾਣੇ ਦੇ ਐਸਐਚਓ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਬੱਚੇ ਦੀ ਭਾਲ ਵਿਚ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਸੰਪਰਕ ਵਿੱਚ ਹਨ। ਇਸ ਦੌਰਾਨ ਉਸ ਨੇ ਬੱਚੇ ਦੀ ਫੋਟੋ ਹਰਿਮੰਦਰ ਸਾਹਿਬ ਪੁਲਿਸ ਚੌਕੀ ਵਿਚ ਤਾਇਨਾਤ ਆਪਣੇ ਇੱਕ ਸਾਥੀ ਨੂੰ ਭੇਜ ਦਿੱਤੀ। ਜਿਸ ਤੋਂ ਬਾਅਦ ਸੂਚਨਾ ਮਿਲੀ ਕਿ ਬੱਚਾ ਦਰਬਾਰ ਸਾਹਿਬ 'ਚ ਲੰਗਰ ਛੱਕ ਰਿਹਾ ਸੀ। ਉਥੋਂ ਬੱਚੇ ਨੂੰ ਬਰਾਮਦ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
(For more news apart from Missing child from Fatehgarh Sahib found in Amritsar News in Punjabi, stay tuned to Rozana Spokesman)