
ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਮੁਬਾਰਕਪੁਰ ਟੋਭੇ ਦੇ ਪਾਣੀ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਮਛਲੀਆਂ ਨੇ ਦਮ ਤੋੜ ਦਿੱਤਾ।
ਡੇਰਾਬੱਸੀ, (ਗੁਰਜੀਤ ਈਸਾਪੁਰ): ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਮੁਬਾਰਕਪੁਰ ਟੋਭੇ ਦੇ ਪਾਣੀ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਮਛਲੀਆਂ ਨੇ ਦਮ ਤੋੜ ਦਿੱਤਾ। ਇਨ੍ਹਾਂ ਮੱਛਲੀਆਂ ਨੂੰ ਕੱਢਣ ਲਈ ਪਿੰਡ ਵਾਸੀਆਂ ਨੂੰ ਕਈ ਘੰਟੇ ਲੱਗ ਗਏ। ਨਗਰ ਕੌਂਸਲ ਦੇ ਉਪ ਪ੍ਰਧਾਨ ਮਾਨਵਿੰਦਰ ਸਿੰਘ ਟੋਨੀ ਰਾਣਾ ਦੀ ਅਗਵਾਈ ਵਿਚ ਮਰੀਆਂ ਮਛਲੀਆਂ ਨੂੰ ਟਰਾਲੀਆਂ ਵਿਚ ਭਰ ਕੇ ਘੱਗਰ ਕਿਨਾਰੇ ਜ਼ਮੀਨ ਵਿਚ ਦਬਾਇਆ ਗਿਆ। ਮਾਮਲੇ ਦੀ ਸੂਚਨਾ ਮੁਬਾਰਕਪੁਰ ਪੁਲਿਸ ਸਮੇਤ ਵੈਟਰਨਰੀ ਵਿਭਾਗ ਨੂੰ ਵੀ ਦਿੱਤੀ ਜਾ ਚੁੱਕੀ ਹੈ।
ਜਾਣਕਾਰੀ ਮੁਤਾਬਕ ਸ਼ੁਕਰਵਾਰ ਸਵੇਰੇ ਪਿੰਡ ਦੇ ਟੋਭੇ ਵਿਚ ਮਰੀਆਂ ਹੋਈਆਂ ਮਛਲੀਆ ਪਾਣੀ 'ਤੇ ਤੈਰ ਰਹੀਆਂ ਸਨ। ਇਨ੍ਹਾਂ ਦੀ ਤਾਦਾਦ ਵੇਖਦੇ ਵੇਖਦੇ ਵੱਧਣ ਲੱਗੀ ਅਤੇ ਆਸਪਾਸ ਬਦਬੂ ਫੈਲਣ ਲੱਗੀ। ਸੂਚਨਾ ਮਿਲਣ 'ਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਟੋਨੀ ਰਾਣਾ ਆਪਣੇ ਸਾਥੀਆਂ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਬੁਲਾ ਕੇ ਟੋਭੇ ਵਿਚ ਵਾੜਿਆ ਅਤੇ ਉਨ੍ਹਾਂ ਦੀ ਮੱਦਦ ਨਾਲ ਮੱਛਲੀਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਕੁਝ ਲੋਕਾਂ ਇਨ੍ਹਾਂ ਮਛਲੀਆਂ ਨੂੰ ਘਰ ਲੈ ਜਾਣਾ ਚਾਹੁੰਦੇ ਸਨ।
ਪਰੰਤੂ ਬੀਮਾਰੀ ਫ਼ੈਲਣ ਦੇ ਖ਼ਤਰੇ ਨੂੰ ਭਾਂਪਦਿਆਂ ਰੋਕਿਆ ਗਿਆ। ਨਕਰ ਕੌਂਸਲ ਦੀ ਕੂੜਾਂ ਰੇਹੜੀ ਵਿਚ ਇਨ੍ਹਾਂ ਨੂੰ ਇਕੱਠੀਆਂ ਕਰਕੇ ਟਰੈਕਟਰ ਟਰਾਲੀ ਵਿਚ ਲੱਦਿਆ ਗਿਆ। ਸ਼ਾਮ ਤੱਕ ਇਹ ਕੰਮ ਚਲਦਾ ਰਿਹਾ। ਸ਼ਾਮ ਨੂੰ ਜੇਸੀਬੀ ਦੀ ਮੱਦਦ ਨਾਲ ਘੱਗਰ ਕਿਨਾਰੇ ਖੱਡਾ ਪੁੱਟ ਸਾਰੀਆ ਮੱਛਲੀਆਂ ਦਫ਼ਨਾ ਦਿੱਤਾ ਗਿਆ।
ਟੋਨੀ ਰਾਣਾ ਸਮੇਤ ਪਿੰਡ ਵਾਸੀਆਂ ਨੇ ਸ਼ੱਕ ਜ਼ਾਹਿਰ ਕਰਦਿਆ ਕਿਹਾ ਕਿ ਰਾਤ ਦੇ ਹਨੇਰੇ ਵਿਚ ਕਿਸੇ ਨੇ ਕੈਮੀਕਲ ਯੁਕਤ ਪਾਣੀ ਟੋਭੇ ਵਿਚ ਸੁੱਟ ਦਿੱਤਾ ਜਿਸ ਨਾਲ ਇਨ੍ਹਾਂ ਮਛਲੀਆਂ ਦੀ ਮੌਤ ਹੋ ਗਈ। ਜਿਸ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੁਲਿਸ ਅਤੇ ਵੈਟਰਨਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਸਬੰਧੀ ਵੈਟਰਨਟਰੀ ਵਿਭਾਗ ਦੇ ਸੀਨੀਅਰ ਡਾਕਟਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮੱਛੀਆਂ ਦੀ ਮੌਤ ਆਕਸੀਜ਼ਨ ਘੱਟਣ ਨਾਲ ਹੋਈ ਹੈ ਜਾਂ ਕੋਈ ਹੋਰ ਜ਼ਹਿਰਲੀ ਦਵਾਈ ਪਾ ਦੇਣ ਨਾਲ ਇਸ ਦਾ ਅਸਲ ਕਾਰਨ ਟੀਮ ਸੈਂਪਲ ਦੀ ਜਾਂਚ ਕਰਨ ਮਗਰੋਂ ਹੀ ਸਦ ਸਕੇਗੀ। ਓਧਰ ਪ੍ਰਦੂਸ਼ਣ ਵਿਭਾਗ ਦੇ ਐਕਸ਼ੀਅਨ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ ਤੁਸੀ ਗੁਰੂ ਅੰਗਦਦੇਵ ਯੂਨੀਵਰਸਿਟੀ ਲੁਧਿਆਣੇ ਜਾਂ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਸੂਚਨਾ ਦਿਓ।