
ਭਾਖੜਾ ‘ਚੋਂ ਫੇਰ ਛੱਡਿਆ ਗਿਆ ਪਾਣੀ
ਪੰਜਾਬ: ਭਾਖੜਾ ਡੈਮ ਤੇ ਸਤਲੁਜ ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ। ਜਿਸ ਲਈ ਪੰਜਾਬ ਦੇ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ। ਜਿਨ੍ਹਾਂ ਦੀ ਹੁਣ ਮਦਦ ਐਨਡੀਆਰਐਫ ਟੀਮਾਂ ਤੇ ਆਰਮੀ ਵੱਲੋਂ ਕੀਤੀ ਜਾ ਰਹੀ ਹੈ। ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਦੀ ਜਾਨ ਬਚਾ ਰਹੇ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਨਡੀਆਰਐਫ ਟੀਮ ਦਲੇਰੀ ਨਾਲ ਪਾਣੀ 'ਚੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾ ਰਹੀ ਹੈ।
Bhakra Dam
ਦੱਸ ਦਈਏ ਕਿ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਫਿਰ ਵਧ ਗਿਆ ਹੈ ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਥੋੜੀ ਦੇਰ ਪਹਿਲਾਂ ਸਤਲੁਜ ਦਰਿਆ ‘ਚੋਂ ਵੀ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਤੇ ਸਤਲੁਜ ਦੇ ਆਸਪਾਸ ਦੇ ਪਿੰਡਾਂ ‘ਚ ਲੋਕਾਂ ਨੂੰ ਸੁਚੇਤ ਰਹਿਣ ਲਈ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਛੇ ਵਜੇ ਸ਼ਾਹਕੋਟ ਪਾਣੀ ਪਹੁੰਚੇਗਾ। ਇਸ ਲਈ ਕਰੀਬ ਸਵਾ ਲੱਖ ਲੋਕਾਂ ਨੂੰ ਸ਼ਿਫਟ ਕਰਨਾ ਪਵੇਗਾ।
ਪ੍ਰਸ਼ਾਸਨ ਨੇ ਆਰਮੀ ਨਾਲ ਗੱਲ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹਕੋਟ, ਫਿਲੌਰ ਤੇ ਨਕੋਦਰ 'ਚ ਲੋਕਾਂ ਵਾਸਤੇ ਕੈਂਪ ਬਣਾਏ ਗਏ ਹਨ। ਦੱਸਣਯੋਗ ਹੈ ਕਿ ਭਾਖੜਾ ਡੈਮ ’ਚੋਂ ਛੱਡੇ ਵਾਧੂ ਪਾਣੀ ਨਾਲ ਨੰਗਲ, ਸ੍ਰੀ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਵਿੱਚ ਪਹਿਲਾਂ ਹੀ ਸਤਲੁਜ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਕਈਂ ਥਾਈਂ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਤੇ ਫ਼ਸਲਾਂ ’ਚ ਤਿੰਨ ਤੋਂ ਪੰਜ ਫੁੱਟ ਤਕ ਪਾਣੀ ਖੜ੍ਹ ਗਿਆ ਹੈ।
Bhakra Dam
ਪਾਣੀ ਤੇਜ਼ੀ ਨਾਲ ਅੱਘ ਵਧ ਰਿਹਾ ਹੈ ਜਿਸ ਮਗਰੋਂ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਰਣਜੀਤ ਸਾਗਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਸ਼ ਹੋਣ ਨਾਲ ਡੈਮ ਦੀ ਝੀਲ ਵਿੱਚ 70 ਹਜ਼ਾਰ ਕਿਊਸਕ ਪਾਣੀ ਦੀ ਆਮਦ ਦਰਜ ਕੀਤੀ ਗਈ। ਝੀਲ ਵਿੱਚ ਪਾਣੀ ਦਾ ਪੱਧਰ ਵਧ ਕੇ 519.85 ਮੀਟਰ ਹੋ ਗਿਆ ਹੈ। ਬਲਾਕ ਨੂਰਪੁਰ ਬੇਦੀ ਵਿੱਚੋਂ ਲੰਘਦੇ ਸਤਲੁਜ ਦਰਿਆ ਵਿੱਚ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ।
ਫਸਲਾਂ ਦੇ ਖਰਾਬੇ ਤੋਂ ਫ਼ਿਕਰਮੰਦ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਥਾਰਿਟੀ ਫਲੱਡ ਗੇਟਾਂ ਰਾਹੀਂ ਕੁੱਲ 53 ਹਜ਼ਾਰ ਕਿਊਸਿਕ ਪਾਣੀ ਛੱਡ ਰਹੀ ਹੈ। ਇਸ ਵਿੱਚੋਂ 36000 ਕਿਊਸਿਕ ਪਾਣੀ ਪਾਵਰ ਜੈਨਰੇਸ਼ਨ ਲਈ ਵਰਤੋਂ ਕਰਨ ਮਗਰੋਂ ਛੱਡਿਆ ਗਿਆ ਹੈ। ਭਾਖੜਾ ਡੈਮ ਵਿੱਚ ਸ਼ਨੀਵਾਰ ਨੂੰ ਪਾਣੀ ਦਾ ਪੱਧਰ 1674.75 ਫੁੱਟ ਸੀ, ਜੋ ਪਿਛਲੇ ਸਾਲ ਇਸੇ ਅਰਸੇ ਦੌਰਾਨ ਦਰਜ ਅੰਕੜੇ ਤੋਂ ਲਗਪਗ 60 ਫੁੱਟ ਵੱਧ ਹੈ। ਭਾਖੜਾ ਡੈਮ ਦੇ ਕੈਚਮੈਂਟ ਏਰੀਆ ਵਿੱਚ ਪਾਣੀ ਭੰਡਾਰ ਕਰਨ ਦੀ ਕੁੱਲ ਸਮਰੱਥਾ 1680 ਫੁੱਟ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।