
ਜਿਨ੍ਹਾਂ ਏਜੰਸੀਆਂ ਨੂੰ ਲੋਕਾਂ ਦੇ ਅਧਿਕਾਰਾਂ, ਸੰਵਿਧਾਨ ਦੀ ਰਖਿਆ ਲਈ ਬਣਾਇਆ ਗਿਆ ਸੀ ਉਨ੍ਹਾਂ ਦਾ ‘ਤਾਲਿਬਾਨੀਕਰਨ’ ਹੋ ਗਿਐ : ਮਹਿਬੂਬਾ
ਸ਼੍ਰੀਨਗਰ, 18 ਅਗੱਸਤ : ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਬੁਧਵਾਰ ਨੂੰ ਕਿਹਾ ਕਿ ਜਿਹੜੀਆਂ ਸੰਸਥਾਵਾਂ ਲੋਕਾਂ ਦੇ ਅਧਿਕਾਰਾਂ ਅਤੇ ਦੇਸ਼ ’ਚ ਸੰਵਿਧਾਨ ਦੀ ਰਖਿਆ ਕਰਨ ਲਈ ਬਣਾਈਆਂ ਗਈਆਂ ਸਨ ਉਨ੍ਹਾਂ ਦਾ ‘ਤਾਲਿਬਾਨੀਕਰਨ’ ਕਰ ਦਿਤਾ ਗਿਆ ਹੈ। ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਉਨ੍ਹਾਂ ਦੀ ਮਾਂ ਗੁਲਸ਼ਨ ਨਜ਼ੀਰ ਤੋਂ ਈ.ਡੀ. ਵਲੋਂ ਲਗਭਗ ਤਿੰਨ ਘੰਟੇ ਪੁਛਗਿਛ ਨਾਲ ਜੁੜੇ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਇਹ ਗੱਲ ਕਹੀ।
ਮੁਫ਼ਤੀ ਨੇ ਇਸ ਦੌਰਾਨ ਕਿਹਾ, ‘‘ਬਦਕਿਸਮਤੀ ਨਾਲ ਜਿਨ੍ਹਾਂ ਸੰਸਥਾਵਾਂ ਨੇ ਸਾਡੇ ਅਧਿਕਾਰਾਂ ਦੀ ਰਖਿਆ ਕਰਨੀ ਸੀ ਅਤੇ ਜਿਨ੍ਹਾਂ ਨੇ ਸੰਵਿਧਾਨ ਦੀ ਭਾਵਨਾਵਾਂ ਨੂੰ ਬਣਾਈ ਰਖਣਾ ਸੀ ਉਨ੍ਹਾਂ ਦਾ ਤਾਲਿਬਾਨੀਕਰਨ ਹੋ ਚੁਕਿਆ ਹੈ।’’ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਮੀਡੀਆ ਦਾ ਵੀ ਤਾਲਿਬਾਨੀਕਰਨ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਜ਼ਿਆਦਾਤਰ ਮੀਡੀਆ ਭਾਜਪਾ ਦੀਆਂ ਗੱਲਾਂ ’ਤੇ ਚੱਲਦਾ ਹੈ, ਉਹ ਇਹ ਨਹੀਂ ਦਸਦੇ ਕਿ ਕਿਵੇਂ ਏਜੰਸੀਆਂ ਦੀ ਦੁਰਵਰਤੋਂ ਹੋਈ ਹੈ ਅਤੇ ਕਿਵੇਂ ਸੰਵਿਧਾਨ ਨਾਲ ਖਿਲਵਾੜ ਹੋ ਰਿਹਾ ਹੈ।’’
ਈ.ਡੀ ਵਲੋਂ ਪੁਛਗਿਛ ਬਾਰੇ ਪੀਡੀਪੀ ਮੁਖੀ ਨੇ ਕਿਹਾ, ‘‘ਕੀ ਤੁਹਾਨੂੰ ਘਟਨਾਕ੍ਰਮ ਦਾ ਪਤਾ ਹੈ?’’ ਉਨ੍ਹਾਂ ਦਾਅਵਾ ਕੀਤਾ, ‘‘ਮੈਂ ਹਦਬੰਦੀ ਕਮਿਸ਼ਨ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ, ਅਗਲੇ ਹੀ ਦਿਨ ਸਾਨੂੰ ਨੋਟਿਸ ਮਿਲ ਗਿਆ। ਮੈਂ ਪੰਜ ਅਗੱਸਤ ਨੂੰ ਸ਼ਾਂਤੀਪੂਰਣ ਪ੍ਰਦਰਸ਼ਨ ਕੀਤਾ, ਅਗਲੇ ਦਿਨ ਹੀ ਸਾਨੂੰ ਨੋਟਿਸ ਮਿਲ ਗਿਆ।’’ ਮੁਫ਼ਤੀ ਨੇ ਕਿਹਾ ਕਿ ਐਨਆਈਏ ਅਤੇ ਈ.ਡੀ. ਵਰਗੀਆਂ ਏਜੰਸੀਆਂ ਦਾ ਗਠਨ ਗੰਭੀਰ ਕਾਰਜਾਂ ਲਈ ਹੋਇਆ ਸੀ। (ਏਜੰਸੀ)