
ਮੁਲਜ਼ਮਾਂ ਨੇ 50 ਹਜ਼ਾਰ ’ਚ ਵੇਚਿਆ ਸੀ ਮਾਸੂਮ
ਲੁਧਿਆਣਾ: ਜ਼ਿਲ੍ਹੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਸੁਰੱਖਿਅਤ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਵਾ ਹੋਇਆ ਬੱਚਾ ਬਠਿੰਡਾ ਤੋਂ ਬਰਾਮਦ ਹੋਇਆ ਹੈ। ਇਹ ਮਾਮਲਾ ਮਨੁੱਖੀ ਤਸਕਰੀ ਨਾਲ ਸਬੰਧਤ ਹੈ। ਲੁਧਿਆਣਾ ਦੀਆਂ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਨੰਬਰ ਲੱਭ ਕੇ ਤਿੰਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ।
ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬੱਚੇ ਨੂੰ ਬਠਿੰਡਾ ਵਿਚ 50 ਹਜ਼ਾਰ ਰੁਪਏ ਵਿਚ ਵੇਚਿਆ ਗਿਆ ਹੈ। ਮੁਲਜ਼ਮਾਂ ਦੇ ਇਸ਼ਾਰੇ ’ਤੇ ਲੁਧਿਆਣਾ ਪੁਲਿਸ ਨੇ ਵੀਰਵਾਰ ਦੇਰ ਰਾਤ ਬਠਿੰਡਾ ਜਾ ਕੇ ਛਾਪੇਮਾਰੀ ਕੀਤੀ ਤਾਂ ਬੱਚਾ ਬਰਾਮਦ ਹੋਇਆ। ਬੱਚੇ ਨੂੰ ਵੀਰਵਾਰ ਦੁਪਹਿਰ ਕਰੀਬ 12 ਵਜੇ ਥਾਣਾ ਦੁੱਗਰੀ ਇਲਾਕੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਚੁੱਕ ਲਿਆ ਗਿਆ ਅਤੇ ਰਾਤ 12 ਵਜੇ ਤੱਕ ਪੁਲਿਸ ਨੇ ਉਸ ਨੂੰ ਵੀ ਬਰਾਮਦ ਕਰ ਲਿਆ।
ਬੱਚੇ ਦੀ ਮਾਂ ਨੇਹਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਕਰੀਬ ਡੇਢ ਸਾਲ ਹੋ ਗਿਆ ਹੈ। ਉਸ ਦਾ ਪਤੀ ਸਾਜਨ ਮੰਜੇ ਬਣਾਉਣ ਦਾ ਕੰਮ ਕਰਦਾ ਹੈ। ਜਦੋਂ ਉਸ ਦਾ ਪਤੀ ਕੰਮ ’ਤੇ ਚਲਾ ਗਿਆ, ਉਦੋਂ ਬਾਈਕ 'ਤੇ ਤਿੰਨ ਨੌਜਵਾਨ ਆਏ। ਦੋ ਘਰ ਵਿਚ ਵੜ ਗਏ, ਇਕ ਬਾਹਰ ਖੜ੍ਹਾ ਸੀ। ਦੋਵਾਂ ਨੌਜਵਾਨਾਂ ਕੋਲ ਹਥਿਆਰ ਸਨ। ਉਹਨਾਂ ਨੇ ਮਹਿਲਾ ਨਾਲ ਕੁੱਟਮਾਰ ਕੀਤੀ ਅਤੇ ਬੱਚੇ ਨੂੰ ਖੋਹ ਕੇ ਲੈ ਗਏ।
ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਪਤਾ ਲੱਗਦਿਆਂ ਹੀ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਬੱਚੇ ਦੀ ਭਾਲ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਜਦੋਂ ਸ਼ੱਕ ਦੇ ਆਧਾਰ 'ਤੇ ਮੁਲਜ਼ਮਾਂ ਦਾ ਪਤਾ ਲਗਾ ਕੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਬੱਚੇ ਨੂੰ ਬਠਿੰਡਾ ਵਿਖੇ 50 ਹਜ਼ਾਰ ਰੁਪਏ ਵਿਚ ਵੇਚ ਦਿੱਤਾ ਸੀ। ਪੁਲਿਸ ਨੇ ਬਠਿੰਡਾ 'ਚ ਛਾਪੇਮਾਰੀ ਕਰਕੇ ਬੱਚੇ ਨੂੰ ਬਰਾਮਦ ਕਰਕੇ ਉਸ ਦੀ ਮਾਂ ਨੂੰ ਸੌਂਪ ਕਰ ਦਿੱਤਾ, ਬੱਚਾ ਬਿਲਕੁਲ ਸੁਰੱਖਿਅਤ ਹੈ।