
ਮੁੱਖ ਮੰਤਰੀ ਨੇ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 30 ਅਕਤੂਬਰ ਤਕ ਮੁਕੰਮਲ ਹੋਣ ਵਿਸ਼ਵਾਸ ਪ੍ਰਗਟਾਇਆ
ਡੇਰਾ ਬਾਬਾ ਨਾਨਕ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਕਿਸਤਾਨ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ’ਤੇ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਦੁਹਰਾਉਦਿਆਂ ਇਸ ਦੀ ਤੁਲਨਾ ਮੁਗਲ ਕਾਲ ਦੌਰਾਨ ਮੁਸਲਿਸ ਦੇਸ਼ਾਂ ਵਿਚ ਗ਼ੈਰ-ਮੁਸਲਿਮਾਂ ਉਤੇ ਲਾਏ ਜਾਂਦੇ ਜਜ਼ੀਆ ਟੈਕਸ ਨਾਲ ਕੀਤੀ। ਮੁੱਖ ਮੰਤਰੀ ਨੇ ਬਾਦਸ਼ਾਹ ਅਕਬਰ ਵਲੋਂ ਆਪਣੇ ਕਾਰਜਕਾਲ ਦੌਰਾਨ ਵਿਵਾਦਿਤ ਟੈਕਸ ਨੂੰ ਖਤਮ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਉਤੇ 20 ਡਾਲਰ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਨੂੰ ਸਿੱਖ ਫਲਸਫੇ ਦੀ ਮੂਲ ਭਾਵਨਾ ਦੇ ਵਿਰੁਧ ਹੈ ਜਿਸ ਵਿਚ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਕੀਤੀ ਜਾਂਦੀ ਹੈ।
Captain Amarinder Singh review construction work of Kartarpur Corridor
ਡੇਰਾ ਬਾਬਾ ਨਾਨਕ ਜਿੱਥੇ ਉਹ ਕਰਤਾਰਪੁਰ ਲਾਂਘੇ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਸਨ, ਵਿਖੇ ਮੀਡੀਆ ਕਰਮੀਆਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕਰ ਚੁੱਕੇ ਹਨ ਕਿ ਉਹ ਪਾਕਿਸਤਾਨ ਉਤੇ ਇਸ ਪ੍ਰਸਤਾਵਿਤ ਸਰਵਿਸ ਚਾਰਜ ਨੂੰ ਵਾਪਸ ਲੈਣ ਲਈ ਦਬਾਅ ਪਾਉਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਸੁਝਾਅ ਦਿੱਤਾ ਸੀ ਕਿ ਵਿਦੇਸ਼ ਮੰਤਰਾਲਾ ਦੁਵੱਲੀ ਮੀਟਿੰਗ ਵਿੱਚ ਇਸ ਦੇ ਜਲਦ ਹੱਲ ਦਾ ਮਾਮਲਾ ਚੁੱਕੇ।
Kartarpur Corridor
ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 30 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਵਿਕਾਸ ਦੀ ਗਤੀ ’ਤੇ ਚਿੰਤਾ ਜ਼ਾਹਰ ਕੀਤੀ। ਲਾਂਘੇ ਨਾਲ ਸੁਰੱਖਿਆ ਚੁਣੌਤੀ ਪੈਦਾ ਹੋਣ ਬਾਰੇ ਸਵਾਲ ਦੇ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਨਿਰੰਤਰ ਚੌਕਸੀ ਰੱਖਣ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਖਰੇਵਿਆਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਚੱਲ ਰਹੀ ਹੈ ਅਤੇ ਉਨਾਂ ਦੇ ਕੈਬਨਿਟ ਸਾਥੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਮਸਲਿਆਂ ਨੂੰ ਸੁਖਾਵੇਂ ਢੰਗ ਨਾਲ ਸੁਲਝਾਉਣ ਲਈ ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। ਮੁੱਖ ਮੰਤਰੀ ਨੇ ਇਕ ਵਾਰ ਫੇਰ ਇਸ ਇਤਿਹਾਸਕ ਦਿਹਾੜੇ ਦੀ ਅਹਿਮੀਅਤ ਨੂੰ ਸਨਮੁਖ ਰੱਖਦਿਆਂ ਸੌੜੇ ਸਿਆਸੀ ਹਿੱਤ ਲਾਂਭੇ ਰੱਖ ਕੇ ਇਸ ਨੂੰ ਸਾਂਝੇ ਤੌਰ ’ਤੇ ਮਨਾਉਣ ਦੀ ਅਪੀਲ ਕੀਤੀ।
Kartarpur Corridor
ਮੁੱਖ ਮੰਤਰੀ ਨੇ ਲੋਕਾਂ ਨੂੰ ਪਾਣੀ ਅਤੇ ਹਵਾ ਦੀ ਸੰਭਾਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦੀ ਵੀ ਅਪੀਲ ਕੀਤੀ। ਡੇਰਾ ਬਾਬਾ ਨਾਨਕ ਦੀ ਫੇਰੀ ਨੂੰ ਵਿਸ਼ੇਸ਼ ਮੌਕਾ ਦੱਸਦਿਆਂ ਮੁੱਖ ਮੰਤਰੀ ਨੇ ਸਾਲ 1965 ਦੀ ਭਾਰਤ-ਪਾਕਿ ਜੰਗ ਦੌਰਾਨ ਸਰਹੱਦੀ ਇਲਾਕੇ ’ਚ ਫੌਜ ਵਿੱਚ ਨਿਭਾਈ ਸੇਵਾ ਨੂੰ ਵੀ ਚੇਤੇ ਕੀਤਾ। ਉਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਬਹਾਦਰ ਸੈਨਿਕ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਪਰ ਉਨਾਂ ਦੀਆਂ ਲਗਾਤਾਰ ਕੁਰਬਾਨੀਆਂ ਨਾਲ ਬਹੁਤ ਪੀੜਾ ਤੇ ਬੇਚੈਨੀ ਹੁੰਦੀ ਹੈ।
Captain Amarinder Singh review construction work of Kartarpur Corridor
ਅੱਜ ਦੀ ਜਾਇਜ਼ਾ ਮੀਟਿੰਗ ਵਿਚ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਤਰੀ ਮੰਡਲ ਦੀ ਜਾਇਜ਼ਾ ਮੀਟਿੰਗ ਹੈ ਅਤੇ ਸ੍ਰੀ ਸਿੱਧੂ ਹੁਣ ਮੰਤਰੀ ਮੰਡਲ ਦਾ ਹਿੱਸਾ ਨਹੀਂ ਹਨ। ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਵਿਰੁੱਧ ਕੇਸ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮਾਮਲਾ ਅਦਾਲਤ ਅਧੀਨ ਹੋਣ ਕਰਕੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੋਧੇ ਹੋਏ ਮੋਟਰ ਵਹੀਕਲ ਐਕਟ ਤਹਿਤ ਜੁਰਮਾਨੇ ਵਧਾਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਤਮ ਫੈਸਲਾ ਸੂਬਿਆਂ ਦੇ ਸਿਰ ’ਤੇ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਪੰਜਾਬ ਦੇ ਸਬੰਧਤ ਮੰਤਰੀ ਇਸ ਮਾਮਲੇ ਨੂੰ ਘੋਖ ਰਹੇ ਹਨ।
Kartarpur Corridor
ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਉਚੇਚੇ ਤੌਰ ਉਤੇ ਬੇਰੁਜ਼ਗਾਰਾਂ ਦੀ ਸਮੱਸਿਆਵਾਂ ਦੇ ਹੱਲ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਹੁਣ ਤੱਕ ਲਗਾਏ ਚਾਰ ਰੋਜ਼ਗਾਰ ਮੇਲਿਆਂ ਵਿੱਚ 9 ਲੱਖ ਨੌਜਵਾਨਾਂ ਨੂੰ ਨੌਕਰੀਆਂ/ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਪੰਜਵਾਂ ਰੋਜ਼ਗਾਰ ਮੇਲਾ 30 ਸਤੰਬਰ ਤੱਕ ਵੱਖ-ਵੱਖ ਥਾਂਵਾਂ ਉਤੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੋ ਲੱਖ ਨੌਕਰੀਆਂ ਦੇ ਮੌਕੇ ਹੋਰ ਪ੍ਰਦਾਨ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਦੀਆਂ 19000 ਅਸਾਮੀਆਂ ਪਹਿਲ ਦੇ ਆਧਾਰ ਉਤੇ ਭਰਨ ਦੇ ਹਾਲ ਹੀ ਵਿਚ ਹੁਕਮ ਕੀਤੇ ਹਨ।