
ਇਲਾਜ ਦੌਰਾਨ ਸੁਖਦੀਪ ਸਿੰਘ ਦੀ ਮੌਤ
ਤਪਾ ਮੰਡੀ: ਸਕੂਟਰ ਦਾ ਸੰਤੁਲਨ ਵਿਗੜਨ ਕਾਰਨ ਵਾਪਰੇ ਸੜਕ ਹਾਦਸੇ ਵਿਚ ਜੈਮਲ ਸਿੰਘ ਵਾਲਾ ਪਿੰਡ ਦੇ ਸਰਪੰਚ ਸੁਖਦੀਪ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਟਰਾਂਸਪੋਰਟ ਅਤੇ ਕਾਰਾਂ ਨੂੰ ਖਰੀਦਣ-ਵੇਚਣ ਦਾ ਕੰਮ ਕਰਦਾ ਸੀ।
ਇਸ ਦੌਰਾਨ ਬੀਤੇ ਦਿਨ ਜਦੋਂ ਉਹ ਕੰਮ ਖ਼ਤਮ ਕਰਨ ਤੋਂ ਬਾਅਦ ਤਪਾ ਮੰਡੀ ਤੋਂ ਸਕੂਟਰ ਉਤੇ ਪਿੰਡ ਜਾ ਰਿਹਾ ਸੀ ਤਾਂ ਸਕੂਟਰ ਅੱਗੇ ਕੁੱਝ ਔਰਤਾਂ ਆ ਗਈਆਂ। ਔਰਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੁਖਦੀਪ ਸਿੰਘ ਦੇ ਸਕੂਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਾਇਆ ਗਿਆ।
ਇਥੋਂ ਉਸ ਨੂੰ ਮੈਕਸ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ ਪਰ ਇਲਾਜ ਦੌਰਾਨ ਸੁਖਦੀਪ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਛੱਡ ਗਿਆ। ਦਸਿਆ ਜਾ ਰਿਹਾ ਹੈ ਕਿ ਸੁਖਦੀਪ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਸੀ।