
ਹਰਜਸਨੀਤ ਨੇ 6 ਅਗਸਤ 2017 ਨੂੰ ਸੈਕਟਰ 10 ਵਿਚ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ 70 ਸਾਲਾ ਵਪਾਰੀ ਸੁਬੋਧਕਾਂਤ ਗੁਪਤਾ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ ਸੀ
ਚੰਡੀਗੜ੍ਹ: ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਇੱਕ ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਸੜਕ ਹਾਦਸੇ ਵਿਚ ਸੈਕਟਰ 4 ਨਿਵਾਸੀ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਹਰਜਸਨੀਤ ਸਿੰਘ ਚਾਹਲ 'ਤੇ 11,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਹਰਜਸਨੀਤ ਨੇ 6 ਅਗਸਤ 2017 ਨੂੰ ਸੈਕਟਰ 10 ਵਿਚ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ 70 ਸਾਲਾ ਵਪਾਰੀ ਸੁਬੋਧਕਾਂਤ ਗੁਪਤਾ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ ਸੀ ਜਿਸ ਤੋਂ ਬਾਅਦ ਹਰਜਸਨੀਤ ਫ਼ਰਾਰ ਹੋ ਗਿਆ ਸੀ। ਸੈਕਟਰ 39 ਦੇ ਚਸ਼ਮਦੀਦ ਅਰਜੁਨ ਗੋਇਲ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਗੁਪਤਾ ਨੂੰ ਸੈਕਟਰ 16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਹਰਜਸਨੀਤ ਨੂੰ ਆਈਪੀਸੀ ਦੀ ਧਾਰਾ 304 ਏ ਤਹਿਤ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ, ਮ੍ਰਿਤਕ ਦੀਆਂ ਧੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਹਿਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲਿਸ 'ਤੇ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 304 (ਦੋਸ਼ੀ ਕਤਲ ਨਹੀਂ) ਸ਼ਾਮਲ ਕਰਨ ਲਈ ਦਬਾਅ ਪਾਇਆ।
14 ਸਤੰਬਰ 2017 ਨੂੰ ਪੁਲਿਸ ਨੇ ਸਖ਼ਤ ਧਾਰਾ ਜੋੜ ਦਿੱਤੀ। ਸੱਤ ਮਹੀਨਿਆਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਜਸਨੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ, ਹਰਜਸਨੀਤ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਇਹ ਘਟਨਾ ਕੈਦ ਹੋ ਗਈ ਸੀ।