
ਅੱਜ ਸਵੇਰੇ ਕਰੀਬ 11 ਵਜੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ...
ਫ਼ਿਰੋਜ਼ਪੁਰ : ਅੱਜ ਸਵੇਰੇ ਕਰੀਬ 11 ਵਜੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਹਾਈ ਅਲਾਰਟ ਜਾਰੀ ਕਰ ਦਿਤਾ ਗਿਆ ਹੈ। ਸਮਾਗਮ ਦੌਰਾਨ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਿਸ ਵਲੋਂ ਸੁਰੱਖਿਆ ਦੇ ਮਦੇਨਜ਼ਰ ਸਰਹੱਦੀ ਇਲਾਕਿਆਂ ਵਿਚ ਚੌਕਸੀ ਵਧਾ ਦਿਤੀ ਗਈ ਹੈ। ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਿਥੇ ਪੁਲਿਸ ਬਲ ਭਾਰੀ ਮਾਤਰਾ ਵਿਚ ਤਾਇਨਾਤ ਹੋ ਗਈ ਹੈ, ਉਥੇ ਹੀ ਜ਼ਿਲ੍ਹੇ ਫ਼ਿਰੋਜ਼ਪੁਰ ਨੂੰ ਵੀ ਮੁੜ ਤੋਂ ਪੂਰੀ ਤਰ੍ਹਾ ਨਾਲ ਸੀਲ ਕਰ ਦਿਤਾ ਗਿਆ ਹੈ।
ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਰਾਜਸਾਂਸੀ ਇਲਾਕੇ ਵਿਚ ਸਥਿਤ ਨਿਰੰਕਾਰੀ ਭਵਨ 'ਤੇ ਕੁਝ ਅਣਪਛਾਤਿਆਂ ਵਲੋਂ ਬੰਬ ਧਮਾਕਾ ਕਰ ਦਿਤਾ ਗਿਆ, ਜਿਸ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਬੰਬ ਧਮਾਕੇ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਪੁਲਿਸ ਮੁਖੀ ਵਲੋਂ ਸੂਬੇ ਅੰਦਰ ਹਾਈ ਅਲਾਰਟ ਜਾਰੀ ਕਰਵਾ ਦਿਤਾ ਗਿਆ, ਉਥੇ ਹੀ ਸ਼ੱਕੀ ਵਿਅਕਤੀਆਂ 'ਤੇ ਵੀ ਨਜ਼ਰ ਰੱਖਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਜਾਰੀ ਕਰ ਦਿਤੀਆਂ ਗਈਆਂ ਹਨ।
ਪੰਜਾਬ ਵਿਚ ਸੁਰੱਖਿਆ ਏਜੰਸੀਆਂ ਨੇ ਪਹਿਲੋਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਸੂਬੇ ਅੰਦਰ ਅਤਿਵਾਦੀ ਜਾਕਿਰ ਮੂਸਾ ਸਰਗਰਮੀ ਮਗਰੋਂ ਪੁਲਿਸ ਚੌਕਸ ਹੈ। ਪਰ ਇਥੇ ਸਵਾਲ ਪੈਦਾ ਹੁੰਦਾ ਹੈ ਕਿ ਹਾਈ ਅਲਾਰਟ ਜਾਰੀ ਹੋਣ ਤੋਂ ਬਾਅਦ ਵੀ ਧਾਰਮਕ ਸਥਾਨਾਂ 'ਤੇ ਅਜਿਹੇ ਹਮਲੇ ਹੋਣਾ ਠੀਕ ਨਹੀਂ ਹੈ। ਇਥੇ ਦਸਣਯੋਗ ਹੈ ਕਿ ਕਰੀਬ ਚਾਰ-ਪੰਜ ਦਿਨ ਪਹਿਲੋਂ ਫ਼ਿਰੋਜ਼ਪੁਰ ਵਿਖੇ
ਵੀ ਸੁਰੱਖਿਆ ਏਜੰਸੀਆਂ ਵਲੋਂ ਫ਼ਿਰੋਜ਼ਪੁਰ ਇਲਾਕੇ ਵਿਚ 6-7 ਸ਼ੱਕੀ ਅਤਿਵਾਦੀਆਂ ਦੇ ਛੁਪੇ ਹੋਣ ਦੀ ਸ਼ੰਕਾਂ ਜਤਾਈ ਸੀ। ਜਿਸ ਤੋਂ ਬਾਅਦ ਫ਼ਿਰੋਜ਼ਪੁਰ ਇਲਾਕੇ ਨੂੰ ਪੂਰੀ ਤਰਾਂ ਨਾਲ ਸੀਲ ਕਰ ਦਿਤਾ ਗਿਆ ਸੀ। ਅੱਜ ਹੋਏ ਇਸ ਧਮਾਕੇ ਤੋਂ ਬਾਅਦ ਫ਼ਿਰੋਜ਼ਪੁਰ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਲਾਕੇ ਅੰਦਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਵਿਅਕਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।