
ਰਾਜਾਂਸਾਸੀ ਦੇ ਪਿੰਡ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲੇ ਸਬੰਧੀ ਫ਼ੌਜ ਮੁੱਖੀ ‘ਤੇ ਦਿੱਤੇ ਬਿਆਨ ਤੋਂ ....
ਚੰਡੀਗੜ੍ਹ (ਸ.ਸ.ਸ) : ਰਾਜਾਂਸਾਸੀ ਦੇ ਪਿੰਡ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲੇ ਸਬੰਧੀ ਫ਼ੌਜ ਮੁੱਖੀ ‘ਤੇ ਦਿੱਤੇ ਬਿਆਨ ਤੋਂ ਬਾਅਦ ‘ਆਪ’ ਵਿਧਾਇਕ ਐਚ.ਐਸ ਫੂਲਕਾ ਚਾਰੇ ਪਾਸਿਓ ਘਿਰਦੇ ਨਜ਼ਰ ਆ ਰਹੇ ਹਨ। ਫ਼ੂਲਕਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ‘ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਵੇਰਕਾ ਨੇ ਕਿਹਾ ਹੈ ਕਿ ਫੂਲਕਾ ਵਲੋਂ ਦਿਤੇ ਗਏ ਇਸ ਬਿਆਨ ਨੇ ਫੌਜ ਦੇ ਮਨੋਬਲ ਨੂੰ ਵੱਡੀ ਢਾਹ ਲਗਾਈ ਹੈ।
ਇਸ ਲਈ ਫੂਲਕਾ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਓਧਰ ਫ਼ੂਲਕਾ ਨੇ ਆਪਣੇ ਬਿਆਨ ਲਈ ਟਵੀਟ ਕਰਕੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਜੋ ਪੇਸ਼ ਕੀਤਾ ਗਿਆ। ਜ਼ਿਕਰ ਏ ਖਾਸ ਹੈ ਫੂਲਕਾ ਨੇ ਬਿਆਨ ਦਿਤਾ ਸੀ ਕਿ ਆਪਣੇ ਬਿਆਨਾਂ ਨੂੰ ਸੱਚ ਸਾਬਤ ਕਰਨ ਲਈ ਕੀ ਪਤਾ ਸੈਨਾ ਮੁਖੀ ਨੇ ਖ਼ੁਦ ਹੀ ਹਮਲਾ ਨਾ ਕਰਵਾ ਦਿੱਤਾ ਹੋਏ?
ਦਰਅਸਲ ਬਿਤੇ ਦਿਨੀ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਸੀ ਕਿ ਕੁਝ ਬਾਹਰੀ ਤਾਕਤਾਂ ਪੰਜਾਬ ‘ਚ ਮਾਹੌਲ ਖਰਾਬ ਕਰ ਸਕਦੀਆਂ ਨੇ। ਉਨ੍ਹਾਂ ਦੇ ਇਸੇ ਬਿਆਨ ਦੇ ਹਵਾਲੇ ਨਾਲ ਫੂਲਕਾ ਨੇ ਉਕਤ ਗੱਲ ਕਹੀ। ਬੇਸ਼ਕ ਫ਼ੂਲਕਾ ਦਾ ਕਹਿਣਾ ਕਿ ਉਨ੍ਹਾਂ ਦੇ ਬਿਆਨ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ ਇਸ ਲਈ ਮੁਆਫ਼ੀ ਵੀ ਮੰਗ ਲਈ ਹੈ ਪਰ ਫੂਲਕਾ ਦੇ ਇਸ ਬਿਆਨ ਨੇ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਨੂੰ ਘੇਰਨ ਦਾ ਮੌਕਾ ਜ਼ਰੂਰ ਦੇ ਦਿਤਾ ਹੈ।