
ਜਾਣਕਾਰੀ ਅਨੁਸਾਰ ਅਨੁਸਾਰ ਜਿਹੜੀਆਂ ਐੱਨਜੀਓਜ਼ ਵਿਦੇਸ਼ਾਂ ਤੋਂ ਚੰਦਾ ਪ੍ਰਾਪਤ ਕਰਦੀਆਂ ਹਨ, ਉਨ੍ਹਾਂ ਲਈ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ ਤਹਿਤ ਰਜਿਸਟਰਡ ਹੋਣਾ ਜ਼ਰੂਰੀ ਹੈ।
ਬਠਿੰਡਾ- ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੀਆਂ ਅੱਠ ਐੱਨਜੀਓਜ਼ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਨੇ ਵਿਦੇਸ਼ੀ ਚੰਦੇ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਜੋ ਹਾਲ ਹੀ ਵਿਚ ਸੈਂਕੜੇ ਐੱਨਜੀਓਜ਼ ’ਤੇ ਪਾਬੰਦੀ ਲਗਾਈ ਹੈ, ਉਨ੍ਹਾਂ ’ਚ ਪੰਜਾਬ ਦੀਆਂ ਇਹ ਅੱਠ ਸੰਸਥਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੀਆਂ 41 ਐੱਨਜੀਓਜ਼ ਦੀ ਵਿਦੇਸ਼ੀ ਚੰਦਾ ਲੈਣ ਲਈ ਰਜਿਸਟ੍ਰੇਸ਼ਨ ਖ]ਤਮ ਹੋ ਗਈ ਹੈ।
NGO
ਜਾਣਕਾਰੀ ਅਨੁਸਾਰ ਅਨੁਸਾਰ ਜਿਹੜੀਆਂ ਐੱਨਜੀਓਜ਼ ਵਿਦੇਸ਼ਾਂ ਤੋਂ ਚੰਦਾ ਪ੍ਰਾਪਤ ਕਰਦੀਆਂ ਹਨ, ਉਨ੍ਹਾਂ ਲਈ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ ਤਹਿਤ ਰਜਿਸਟਰਡ ਹੋਣਾ ਜ਼ਰੂਰੀ ਹੈ। ਇਸ ਐਕਟ ਤਹਿਤ ਹਰ ਐੱਨਜੀਓਜ਼ ਸਾਲਾਨਾ ਆਮਦਨ ਖਰਚ ਦਾ ਹਿਸਾਬ ਕਿਤਾਬ ਕੇਂਦਰ ਸਰਕਾਰ ਨੂੰ ਦੇਵੇ। ਕੇਂਦਰ ਸਰਕਾਰ ਕੋਲ ਪੰਜਾਬ ਦੀਆਂ ਕੁੱਲ 337 ਐੱਨਜੀਓਜ਼ ਰਜਿਸਟਰਡ ਸਨ ਜਿਨ੍ਹਾਂ ਵੱਲੋਂ ਵਿਦੇਸ਼ਾਂ ਤੋਂ ਚੰਦਾ ਹਾਸਲ ਕੀਤਾ ਜਾ ਰਿਹਾ ਸੀ। ਹੁਣ ਇਨ੍ਹਾਂ ’ਚੋਂ ਸਿਰਫ 181 ਐੱਨਜੀਓਜ਼ ਹੀ ਸਰਗਰਮ ਹਨ।
Central Government
ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਇਨ੍ਹਾਂ ’ਚੋਂ ਪੰਜਾਬ ਦੀਆਂ ਹੁਣ ਤੱਕ 114 ਐਨਜੀਓਜ਼ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਪਿਛਲੇ ਡੇਢ ਸਾਲ ਤੋਂ ਕੋਈ ਫ਼ੈਸਲਾ ਨਹੀਂ ਲਿਆ ਸੀ ਅਤੇ ਸਾਲਾਨਾ ਰਿਟਰਨ ਨਾ ਭਰਨ ਵਾਲੀਆਂ ਐੱਨਜੀਓਜ਼ ਨੂੰ ਵਾਰ ਵਾਰ ਯਾਦ ਪੱਤਰ ਭੇਜੇ ਜਾ ਰਹੇ ਸਨ। ਜਿਨ੍ਹਾਂ ਵਿਦੇਸ਼ੀ ਚੰਦੇ ਦਾ ਹਿਸਾਬ ਕਿਤਾਬ ਦੇਣ ਤੋਂ ਪਾਸਾ ਵੱਟਿਆ, ਉਨ੍ਹਾਂ ’ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਵਿਦੇਸ਼ੀ ਚੰਦਾ ਲੈਣ ਵਾਲੀਆਂ ਐੱਨਜੀਓਜ਼ ਵਿਚ ਹੁਣ ਬਠਿੰਡਾ ਦੀਆਂ ਚਾਰ, ਮੁਕਤਸਰ ਦੀਆਂ ਤਿੰਨ ਅਤੇ ਫਿਰੋਜ਼ਪੁਰ ਦੀਆਂ ਦੋ ਐੱਨਜੀਓਜ਼ ਸ਼ਾਮਿਲ ਹਨ।
ਪੰਜਾਬ ਦੀ ਐੱਨਜੀਓਜ਼ ਚੈਰੀਟੇਬਲ ਪ੍ਰਾਇਮਰੀ ਸਕੂਲ, ਸ੍ਰੀ ਰਾਧਾ ਕ੍ਰਿਸ਼ਨ ਧਾਮ ਸੁਸਾਇਟੀ, ਸੰਤ ਜ਼ੋਰਾ ਸਿੰਘ ਲੋਪੋ ਚੈਰੀਟੇਬਲ ਟਰੱਸਟ, ਮੈਥੋਡਿਸਟ ਪ੍ਰਾਇਮਰੀ ਸਕੂਲ, ਮੈਥੋਡਿਸਟ ਹੋਸਟਲ ਟਰੇਨਿੰਗ ਸਕੂਲ, ਬਲਾਈਂਡ ਐਂਡ ਹੈਂਡੀਕੈਪ ਡਿਵੈਲਮੈਂਟ ਸੁਸਾਇਟੀ, ਭਾਰਤੀ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਅਤੇ ਖੇਤੀ ਵਿਰਾਸਤ ਸ਼ਾਮਿਲ ਹਨ ਜਿਨ੍ਹਾਂ ’ਤੇ ਹੁਣ ਵਿਦੇਸ਼ੀ ਚੰਦਾ ਲੈਣ ’ਤੇ ਪਾਬੰਦੀ ਲਗਾਈ ਗਈ ਹੈ।
Non Government Organizaton
ਖੇਤੀ ਵਿਰਾਸਤ ਨਾਮ ਦੀ ਸੰਸਥਾ ਸਾਲ 2000 ਵਿਚ ਹੋਂਦ ਵਿਚ ਆਈ ਸੀ। ਹੁਣ ਇੱਕ ‘ਖੇਤੀ ਵਿਰਾਸਤ ਮਿਸ਼ਨ’ ਸੰਸਥਾ ਵੀ ਚੱਲ ਰਹੀ ਹੈ। ਖੇਤੀ ਵਿਰਾਸਤ ਮਿਸ਼ਨ ਦੇ ਪ੍ਰਬੰਧਕ ਓਮੇਂਦਰ ਦੱਤ ਦਾ ਕਹਿਣਾ ਸੀ ਕਿ ਪਹਿਲਾਂ ਖੇਤੀ ਵਿਰਾਸਤ ਸੰਸਥਾ ਹੁੰਦੀ ਸੀ ਜੋ ਕਾਫੀ ਅਰਸਾ ਪਹਿਲਾਂ ਬੰਦ ਹੋ ਗਈ ਸੀ ਅਤੇ ਕੋਈ ਕੰਮ ਨਹੀਂ ਕਰ ਰਹੀ ਸੀ। ਖੇਤੀ ਵਿਰਾਸਤ ਦੇ ਆਖਰੀ ਸਕੱਤਰ ਸੰਜੀਵ ਸ਼ਰਮਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਰੱਦ ਕੀਤੇ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਸੰਸਥਾ ਹੁਣ ਹੋਂਦ ਵਿਚ ਹੀ ਨਹੀਂ ਹੈ।
ਸੂਤਰ ਦੱਸਦੇ ਹਨ ਕਿ ਜੋ ਐੱਨਜੀਓ ਵਿਦੇਸ਼ੀ ਚੰਦਾ ਲੈਣ ਵਾਲੇ ਕਾਨੂੰਨ ਤਹਿਤ ਰਜਿਸਟਰਡ ਹੋ ਜਾਂਦੀ ਹੈ, ਉਸ ਲਈ ਰਿਟਰਨ ਭਰਨੀ ਲਾਜ਼ਮੀ ਹੈ, ਫਿਰ ਚਾਹੇ ਐੱਨਜੀਓ ਨੇ ਵਿਦੇਸ਼ੀ ਚੰਦਾ ਨਾ ਵੀ ਹਾਸਲ ਕੀਤਾ ਹੋਵੇ। ਬਠਿੰਡਾ ਜ਼ਿਲ੍ਹੇ ਵਿਚ ਹੁਣ ਗੋਨਿਆਣਾ, ਰਾਮਾਂ ਮੰਡੀ, ਮੌੜ ਮੰਡੀ ਅਤੇ ਬਾਲਿਆਂ ਵਾਲੀ ਦੀ ਇੱਕ ਐੱਨਜੀਓ ਰਜਿਸਟਰਡ ਹੈ ਜਿਨ੍ਹਾਂ ਵੱਲੋਂ ਵਿਦੇਸ਼ੀ ਚੰਦਾ ਪ੍ਰਾਪਤ ਕੀਤਾ ਜਾਂਦਾ ਹੈ। ਇਨ੍ਹਾਂ ਐੱਨਜੀਓਜ਼ ਵੱਲੋਂ ਸਮਾਜਿਕ ਅਤੇ ਵਿੱਦਿਅਕ ਖੇਤਰ ਵਿਚ ਕੰਮ ਕੀਤੇ ਜਾ ਰਹੇ ਹਨ।
ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿਚ ਹਰਿਆਣਾ ਦੀਆਂ 8 ਤੇ ਚੰਡੀਗੜ੍ਹ ਦੀਆਂ ਚਾਰ ਐੱਨਜੀਓਜ਼ ’ਤੇ ਵੀ ਵਿਦੇਸ਼ੀ ਚੰਦਾ ਲੈਣ ’ਤੇ ਪਾਬੰਦੀ ਲਗਾਈ ਹੈ। ਹਰਿਆਣਾ ਦੀਆਂ ਕੁੱਲ 349 ਐੱਨਜੀਓਜ਼ ਕੇਂਦਰ ਨਾਲ ਰਜਿਸਟਰਡ ਸਨ ਜਿਨ੍ਹਾਂ ’ਚੋਂ ਹੁਣ 141 ਸਰਗਰਮ ਹਨ ਅਤੇ ਹੁਣ ਤੱਕ ਹਰਿਆਣਾ ਦੀਆਂ 147 ਐੱਨਜੀਓਜ਼ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੀਆਂ ਇਸ ਐਕਟ ਤਹਿਤ 98 ਐੱਨਜੀਓਜ਼ ਰਜਿਸਟਰਡ ਸਨ ਜਿਨ੍ਹਾਂ ’ਚੋਂ ਹੁਣ 48 ਸਰਗਰਮ ਹਨ। ਹੁਣ ਤੱਕ 32 ਐੱਨਜੀਓਜ਼ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਚੁੱਕੀ ਹੈ।