
ਪੰਜਾਬ ਅੰਦਰ ਭਾਜਪਾ ਦੇ ਦਫ਼ਤਰ ਕਿਸੇ ਵੀ ਹਾਲਤ ’ਚ ਨਾ ਖੋਲ੍ਹਣ ਦੇਣ ’ਤੇ ਅੜੀਆ ਕਿਸਾਨ ਜਥੇਬੰਦੀਆਂ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨੀ ਸੰਘਰਸ਼ ਨੇ ਭਾਜਪਾ ਆਗੂਆਂ ਦੀਆਂ ਗਿਣਤੀਆਂ-ਮਿਣਤੀਆਂ ਵਿਗਾੜ ਦੇ ਰੱਖ ਦਿਤੀਆਂ ਹਨ। ਭਾਜਪਾ ਦੀ ਪੰਜਾਬ ਇਕਾਈ ਦੇ ਆਗੂ ਹੁਣ ਜਮ੍ਹਾ-ਜ਼ੁਬਾਨੀ ਵੱਡੇ-ਵੱਡੇ ਦਾਅਵੇ ਕਰਨ ’ਤੇ ਉਤਰ ਆਏ ਹਨ। ਬੀਤੇ ਦਿਨੀਂ ਪਹਿਲਾਂ ਪੰਜਾਬ ਦੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜਣ ਦਾ ਦਾਅਵਾ ਕੀਤਾ ਗਿਆ। ਇਸ ਦੌਰਾਨ ਹੀ ਪੰਜਾਬ ਅੰਦਰ ਜ਼ਿਲ੍ਹਾ ਪੱਧਰ ’ਤੇ ਪਾਰਟੀ ਦਫ਼ਤਰ ਖੋਲ੍ਹਣ ਦਾ ਐਲਾਨ ਕਰ ਦਿਤਾ ਗਿਆ। ਇਹ ਐਲਾਨ ਅਜਿਹੇ ਵੇਲੇ ਕੀਤੇ ਗਏ ਹਨ ਜਦੋਂ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂਆਂ ਦਾ ਪੰਜਾਬ ਅੰਦਰ ਖੁਲ੍ਹ ਕੇ ਵਿਚਰਨਾ ਮੁਹਾਲ ਹੋਇਆ ਪਿਆ ਹੈ।
protest
ਭਾਜਪਾ ਆਗੂਆਂ ਦੇ ਅਜਿਹੇ ਬਿਆਨਾਂ ਨੇ ਪੰਜਾਬ ਦੇ ਸਿਆਸੀ ਹਲਕਿਆਂ ’ਚ ਵੀ ਭੂਚਾਲ ਜਿਹਾ ਲਿਆ ਦਿਤਾ ਹੈ। ਦੂਜੇ ਪਾਸੇ ਕਿਸਾਨੀ ਰੌਂਅ ਅੱਗੇ ਝੁਕਦਿਆਂ ਭਾਜਪਾ ਨੂੰ ਅਪਣੇ ਕੀਤੇ ਐਲਾਨਾਂ ਤੋਂ ਪਿਛੇ ਹਟਣਾ ਪਿਆ ਹੈ। ਐਲਾਨ ਮੁਤਾਬਕ ਵੀਰਵਾਰ ਨੂੰ ਬਠਿੰਡਾ ਵਿਖੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਲਈ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਆਉਣਾ ਸੀ। ਇਸ ਗੱਲ ਦੀ ਭਿਣਕ ਪੈਣ ’ਤੇ ਕਿਸਾਨ ਜਥੇਬੰਦੀਆਂ ਨੇ ਬਠਿੰਡਾ ਸਥਿਤ ਦਫ਼ਤਰ ਵਾਲੀ ਥਾਂ ਦਾ ਘਿਰਾਓ ਕਰ ਦਿਤਾ। ਇਸ ਦੇ ਮੱਦੇਨਜ਼ਰ ਬੁੱਧਵਾਰ ਸ਼ਾਮ ਨੂੰ ਹੀ ਇਹ ਪ੍ਰੋਗਰਾਮ ਰੱਦ ਕਰ ਕਰ ਦਿਤਾ ਗਿਆ। ਦਫ਼ਤਰ ਵਾਲੀ ਥਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਮੁਤਾਬਕ ਉਹ ਭਾਜਪਾ ਦੇ ਪੰਜਾਬ ਅੰਦਰ ਦਫ਼ਤਰ ਕਿਸੇ ਵੀ ਹਾਲਤ ਖੁਲ੍ਹਣ ਨਹੀਂ ਦੇਣਗੇ।
JP nadda
ਸੂਤਰਾਂ ਮੁਤਾਬਕ ਭਾਜਪਾ ਆਗੂਆਂ ਦੇ ਪੰਜਾਬ ਅੰਦਰ ਸਰਗਰਮ ਹੋਣ ਪਿੱਛੇ ਮੁੱਖ ਕਾਰਨ ਕੁੱਝ ਮਹੀਨਿਆਂ ਬਾਅਦ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹਨ। ਇਹ ਚੋਣਾਂ ਅਗਲੇੇ ਸਾਲ 2021 ਦੇ ਜਨਵਰੀ ਮਹੀਨੇ ਹੋਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ। ਇਸ ਹਿਸਾਬ ਨਾਲ ਚੋਣਾਂ ਅੱਗੇ ਸਮਾਂ ਦੋ-ਢਾਈ ਮਹੀਨੇ ਤੋਂ ਵੀ ਘੱਟ ਬਚਿਆ ਹੈ। ਸ਼੍ਰੋਮਣੀ ਅਕਾਲੀ ਦਲ ਨਾਲੋਂ 24 ਸਾਲ ਪੁਰਾਣਾ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਦੀ ਪੰਜਾਬ ਅੰਦਰ ਹਾਲਤ ਪਹਿਲਾਂ ਹੀ ਪਤਲੀ ਸੀ। ਰਹਿੰਦੀ ਖੂੰਹਦੀ ਕਸਰ ਕਿਸਾਨੀ ਸੰਘਰਸ਼ ਨੇ ਕੱਢ ਦਿਤੀ ਹੈ।
Ashwani Sharma
ਸੂਤਰਾਂ ਅਨੁਸਾਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਭਾਜਪਾ ਆਗੂ ਅਗਨੀ ਪ੍ਰੀਖਿਆ ਵਜੋਂ ਲੈ ਰਹੇ ਹਨ। ਜਨਵਰੀ 2021 ਵਿਚ ਸਥਾਨਕ ਸਰਕਾਰਾਂ ਚੋਣਾਂ ਅਤੇ ਇਸ ਤੋਂ ਅਗਲੇ ਸਾਲ 2022 ’ਚ ਮਾਰਚ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਥਾਨਕ ਸਰਕਾਰਾਂ ਚੋਣਾਂ ਨੂੰ ਮਿਸ਼ਨ-2022 ਦਾ ਸੈਮੀਫ਼ਾਈਨਲ ਮੰਨਿਆ ਜਾ ਰਿਹਾ ਹੈ। ਭਾਜਪਾ ਦੇ ਇਮਤਿਹਾਨ ਦੀ ਪਹਿਲੀ ਕਸਵੱਟੀ ਸ਼ਹਿਰੀ ਖੇਤਰਾਂ ਦੀਆਂ ਕੌਂਸਲ ਤੇ ਨਿਗਮ ਚੋਣਾਂ ਹੋਣਗੀਆਂ। ਸੂਬੇ ਦੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਆਖ ਚੁੱਕੇ ਹਨ ਕਿ ਇਸ ਵਾਰ ਹਰੇਕ ਵਾਰਡ ’ਚ ਬਾਕਾਇਦਾ ਚੋਣ ਨਿਸ਼ਾਨ ਵਾਲੇ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ।
Vijay Sampla
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀਆਂ ਵਧਦੀਆਂ ਸਰਗਰਮੀਆਂ ਭਾਜਪਾ ਆਗੂਆਂ ਦੀ ਚਿੰਤਾ ਵਧਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦੇ ਪੰਜਾਬ ਭਰ ’ਚ ਟੋਲ-ਪਲਾਜ਼ਿਆਂ, ਰੇਲਵੇ-ਪਾਰਕਾਂ ਅਤੇ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਚੱਲ ਰਹੇ ਧਰਨੇ ਪ੍ਰਦਰਸ਼ਨ 51ਵੇਂ ਦਿਨ ’ਚ ਦਾਖ਼ਲ ਹੋ ਚੁੱਕੇ ਹਨ। ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੇ 26-27 ਨਵੰਬਰ ਨੂੰ ਦਿੱਲੀ ਵੱਲ ਲੱਖਾਂ ਦੀ ਗਿਣਤੀ ’ਚ ਕਾਫ਼ਲੇ ਜਾਣ ਦੇ ਨਾਲ-ਨਾਲ ਪੰਜਾਬ ਭਰ ’ਚ ਪੱਕੇ-ਮੋਰਚੇ ਜਾਰੀ ਰੱਖੇ ਜਾਣ ਦੇ ਫ਼ੈਸਲੇ ਦਾ ਇਕਮਤ ਹੋ ਕੇ ਸਵਾਗਤ ਕੀਤਾ ਹੈ। ਕਿਸਾਨਾਂ ਮੁਤਾਬਕ ਝੋਨੇ ਦੀ ਵੱਢਾਈ ਤੋਂ ਬਾਅਦ ਕਣਕ ਦੀ ਬਿਜਾਈ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ ਅਤੇ ਉਹ ਕੇਂਦਰ ਖਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।