Punjab News: ਮੁਆਵਜਾ ਵੰਡ ਘੁਟਾਲਾ : 64 ਕਰੋੜ ਦੀ ਘਪਲੇਬਾਜ਼ੀ ਦੇ ਦੋਸ਼ ਹੇਠ 42 ਹੋਰ ਨਵੇਂ ਦੋਸ਼ੀ ਨਾਮਜ਼ਦ
Published : Nov 19, 2023, 8:27 am IST
Updated : Nov 19, 2023, 8:27 am IST
SHARE ARTICLE
File Photo
File Photo

ਵਿਜੀਲੈਂਸ ਬਿਉਰੋ ਵੱਲੋਂ 8 ਦੋਸ਼ੀ ਗ੍ਰਿਫਤਾਰ, ਬਾਕੀਆਂ ਦੀ ਗ੍ਰਿਫਤਾਰੀ ਲਈ ਤਲਾਸ਼ ਜਾਰੀ


 

Punjab News  : ਜਲੰਧਰ-ਚਿੰਤਪੁਰਨੀ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਲਈ ਕੇਂਦਰ ਸਰਕਾਰ ਤੋਂ ਪ੍ਰਾਪਤ ਕਰੋੜਾਂ ਰੁਪਏ ਦੇ ਮੁਆਵਜ਼ੇ ਦੀ ਵੰਡ ਵਿੱਚ ਬਹੁ-ਕਰੋੜੀ ਘਪਲੇਬਾਜ਼ੀ ਸਬੰਧੀ ਦਰਜ ਕੇਸ ਬਾਰੇ ਵਿਜੀਲੈਂਸ ਬਿਉਰੋ ਵੱਲੋਂ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਪੜਤਾਲੀਆ ਟੀਮ (ਸਿੱਟ) ਵੱਲੋਂ ਕੀਤੀ ਤਫਤੀਸ਼ ਦੌਰਾਨ ਐਸ.ਡੀ.ਐਮ. ਹੁਸ਼ਿਆਰਪੁਰ ਅਤੇ ਤਹਿਸੀਲਦਾਰ ਹੁਸ਼ਿਆਰਪੁਰ ਦੇ ਦਫਤਰਾਂ ਵਿੱਚੋਂ ਕਾਫੀ ਰਿਕਾਰਡ ਗਾਇਬ ਪਾਏ ਗਏ।

ਤਫ਼ਤੀਸ਼ ਵਿੱਚ ਇਹ ਵੀ ਸਾਹਮਣੇ ਆਇਆ ਕਿ ਤੱਤਕਾਲੀ ਐਸਡੀਐਮ ਆਨੰਦ ਸਾਗਰ ਨੇ ਲੁਈਸ ਬਰਜਰ ਕੰਪਨੀ ਵੱਲੋਂ ਤਿਆਰ ਕੀਤੀ ਡਰਾਫਟ 3-ਏ ਸ਼ਡਿਊਲ ਯੋਜਨਾ ਨੂੰ ਗਲਤ ਤਰੀਕੇ ਨਾਲ ਬਦਲ ਦਿੱਤਾ ਅਤੇ ਜ਼ਮੀਨ ਦਾ 64 ਕਰੋੜ ਰੁਪਏ ਦਾ ਮੁਆਵਜ਼ਾ ਆਪਣੇ ਜਾਣਕਾਰਾਂ ਨੂੰ ਉਸ ਵੱਲੋਂ ਇਸ ਨਵੀਂ ਸੜਕ ਦੇ ਨਾਲ ਖਰੀਦੀ ਜਮੀਨ ਲਈ ਜਾਰੀ ਕਰ ਦਿੱਤਾ। ਜਾਂਚ ਦੌਰਾਨ ਬਿਊਰੋ ਨੇ ਇਸ ਮਾਮਲੇ ਵਿੱਚ ਆਈ.ਪੀ.ਸੀ. ਦੀ ਇੱਕ ਹੋਰ ਧਾਰਾ 201 ਜੋੜ ਦਿੱਤੀ ਹੈ ਅਤੇ 42 ਹੋਰ ਨਵੇਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 8 ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਤਕਾਲੀ ਆਨੰਦ ਸਾਗਰ ਸ਼ਰਮਾ ਐਸ.ਡੀ.ਐਮ.-ਕਮ-ਕੁਲੈਕਟਰ ਅਤੇ ਭੂਮੀ ਗ੍ਰਹਿਣ ਅਫ਼ਸਰ ਹੁਸ਼ਿਆਰਪੁਰ ਸਮੇਤ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਬਲਜਿੰਦਰ ਸਿੰਘ ਤਹਿਸੀਲਦਾਰ ਹੁਸ਼ਿਆਰਪੁਰ, ਮਨਜੀਤ ਸਿੰਘ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ, ਦਲਜੀਤ ਸਿੰਘ ਪਟਵਾਰੀ ਪਿੰਡ ਖਵਾਸਪੁਰ (ਪਿੱਪਲਾਂਵਾਲਾ), ਪਰਵਿੰਦਰ ਕੁਮਾਰ ਪਟਵਾਰੀ ਵਾਸੀ ਪਿੰਡ ਖਵਾਸਪੁਰ, ਸੁਖਵਿੰਦਰਜੀਤ ਸਿੰਘ ਸੋਢੀ ਰਜਿਸਟਰੀ ਕਲਰਕ, ਦੇਵੀਦਾਸ ਡੀਡ ਰਾਈਟਰ, ਹਰਪਿੰਦਰ ਸਿੰਘ ਗਿੱਲ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਹੁਸ਼ਿਆਰਪੁਰ, ਸਤਵਿੰਦਰ ਸਿੰਘ ਢੱਟ 

ਅਵਤਾਰ ਸਿੰਘ ਜੌਹਲ ਦੋਵੇਂ ਵਾਸੀ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਅਤੇ ਜਸਵਿੰਦਰ ਪਾਲ ਸਿੰਘ ਵਾਸੀ ਲਿਲੀ ਕਾਟੇਜ, ਸੁਤਿਹਰੀ ਰੋਡ ਹੁਸ਼ਿਆਰਪੁਰ ਸ਼ਾਮਲ ਹਨ, ਉੱਨਾਂ ਨੂੰ ਪਹਿਲਾਂ ਹੀ ਭਾਰਤੀ ਦੰਡਾਵਲੀ ਦੀ ਧਾਰਾ 420, 467, 468, 471, 120-ਬੀ  ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਡੀ), 13(2) ਤਹਿਤ ਵਿਜੀਲੈਂਸ ਪੁਲਿਸ ਥਾਣਾ, ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਐਫਆਈਆਰ ਨੰਬਰ 01 ਮਿਤੀ 10-02-2017 ਦੇ ਤਹਿਤ ਦਰਜ ਕੀਤੇ ਗਏ ਇਸ ਕੇਸ ਵਿੱਚ ਗ੍ਰਿਫਤਾਰ ਜਾਂ ਜਾਂਚ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਲਈ ਵਿਸ਼ੇਸ਼ ਜੱਜ ਲੁਧਿਆਣਾ ਦੀ ਸਮਰੱਥ ਅਦਾਲਤ ਵੱਲੋਂ ਮਿਤੀ 05-04-2022 ਨੂੰ ਦਿੱਤੇ ਹੁਕਮਾਂ ਅਨੁਸਾਰ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਵਿਜੀਲੈਂਸ ਦੇ ਡਾਇਰੈਕਟਰ ਰਾਹੁਲ ਐਸ. ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਐਸ.ਆਈ.ਟੀ. ਦਾ ਗਠਨ ਕੀਤਾ ਗਿਆ, ਜਿਸ ਵਿੱਚ ਰਾਜੇਸ਼ਵਰ ਸਿੰਘ, ਐਸ.ਐਸ.ਪੀ, ਵਿਜੀਲੈਂਸ ਬਿਊਰੋ ਰੇਂਜ ਜਲੰਧਰ, ਗੁਰਮੀਤ ਸਿੰਘ, ਐਸ.ਐਸ.ਪੀ, ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਅਤੇ ਸੂਬਾ ਸਿੰਘ, ਐਸ.ਐਸ.ਪੀ

ਆਰਥਿਕ ਅਪਰਾਧ ਵਿੰਗ, ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਮੈਂਬਰ ਬਣਾਇਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਤੱਤਕਾਲੀ ਐਸਡੀਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ ਨੇ ਆਪਣੇ ਵੱਲੋਂ ਤਿਆਰ ਕੀਤੀ ਸ਼ਡਿਊਲ 3-ਏ ਵਿੱਚ ਪੰਜ ਪਿੰਡਾਂ ਖਵਾਸਪੁਰ, ਡਿਗਾਣਾ ਕਲਾਂ, ਡਿਗਾਣਾ ਖੁਰਦ, ਹਰਦੋ ਖਾਨਪੁਰ ਅਤੇ ਖਸਰਾ ਬੱਸੀ ਜੋਨਾ/ਚੋਹਲੀ ਦੇ ਹਾਈਵੇਅ ਅਲਾਈਨਮੈਂਟ ਨੂੰ ਬਦਲ ਦਿੱਤਾ ਜੋ ਕਿ ਇੱਕ ਸਰਵੇਖਣ ਤੋਂ ਬਾਅਦ ਲੂਈਸ ਬਰਜਰ ਕੰਪਨੀ ਦੁਆਰਾ ਤਿਆਰ ਕੀਤਾ ਮੂਲ ਡਰਾਫਟ ਅਨੁਸੂਚੀ 3-1 ਨਾਲ ਮੇਲ ਨਹੀਂ ਖਾਂਦਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਤੋਂ ਉਕਤ ਸ਼ਡਿਊਲ ਡਰਾਫਟ 3-ਏ ਪ੍ਰਾਪਤ ਕਰਨ ਉਪਰੰਤ ਤਤਕਾਲੀ ਐਸਡੀਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ ਨੇ ਇਸ ਵਿੱਚ ਦਰਜ ਦਸਤਾਵੇਜ਼ਾਂ ਦੀ ਤਸਦੀਕ ਕਰਨੀ ਸੀ ਪਰ ਉਨ੍ਹਾਂ ਨੇ ਉਕਤ ਡਰਾਫਟ ਸ਼ਡਿਊਲ ਨੂੰ ਆਪਣੇ ਦਫ਼ਤਰ ਵਿੱਚ 4 ਮਹੀਨਿਆਂ ਤੋਂ ਵੱਧ ਸਮੇਂ ਲਈ ਲੰਬਿਤ ਰੱਖਿਆ।

ਇਸ ਮਾਮਲੇ ਵਿੱਚ ਉਕਤ ਮੁਲਜ਼ਮ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਨੋਟੀਫਿਕੇਸ਼ਨ ਲਈ ਸ਼ਡਿਊਲ 3-ਏ ਵਿੱਚ ਉਕਤ ਪੰਜ ਪਿੰਡਾਂ ਦੇ ਖਸਰਾ ਨੰਬਰਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਕਤ ਬਦਲੇ ਹੋਏ ਖਸਰਾ ਨੰਬਰ ਨੋਟੀਫਿਕੇਸ਼ਨ 3-ਡੀ ਅਤੇ 3-ਜੀ ਵਿੱਚ ਵੀ ਪ੍ਰਕਾਸ਼ਿਤ ਕੀਤੇ ਗਏ ਸਨ। ਉਕਤ ਦੋਸ਼ੀ ਐਸ.ਡੀ.ਐਮ ਨੇ ਆਪਣੇ ਅਧੀਨ ਪਟਵਾਰੀ ਤੋਂ ਝੂਠੀਆਂ ਰਿਪੋਰਟਾਂ ਲੈ ਕੇ ਜ਼ਮੀਨ ਦੀ ਕਿਸਮ ਨੂੰ ਗਲਤ ਤਰੀਕੇ ਨਾਲ ਖੇਤੀਬਾੜੀ ਤੋਂ ਰਿਹਾਇਸ਼ੀ/ਵਪਾਰਕ ਬਣਾ ਦਿੱਤਾ ਅਤੇ ਇਸ ਸਬੰਧੀ ਝੂਠਾ ਪਰਿਵਰਤਨ ਸਰਟੀਫਿਕੇਟ ਤਿਆਰ ਕਰ ਲਿਆ।

ਬਾਅਦ ਵਿੱਚ, ਕੇਂਦਰ ਸਰਕਾਰ ਵੱਲੋਂ ਕੁੱਲ 286,36,13,620 ਰੁਪਏ  ਮੁਆਵਜ਼ਾ ਰਾਸ਼ੀ ਵਜੋਂ ਪ੍ਰਾਪਤ ਕੀਤੇ ਗਏ ਜੋ ਉਕਤ ਐਸ.ਡੀ.ਐਮ ਵੱਲੋਂ ਅਪਰਾਧਿਕ ਸਾਜ਼ਿਸ਼ ਤਹਿਤ ਭੂ-ਮਾਫੀਆ ਨਾਲ ਮਿਲੀਭੁਗਤ ਕਰਕੇ, ਮੁਆਵਜ਼ੇ ਲਈ ਨੋਟੀਫਿਕੇਸ਼ਨ 3ਏ, 3ਡੀ, 3ਜੀ ਵਿੱਚ ਖੇਤੀਬਾੜੀ ਜ਼ਮੀਨ ਵਜੋਂ ਪ੍ਰਕਾਸ਼ਿਤ ਕੀਤੀ ਗਈ ਜ਼ਮੀਨ ਲਈ ਰਿਹਾਇਸ਼ੀ ਦਰਾਂ ’ਤੇ 64,13,66,399 ਰੁਪਏ ਗੈਰਕਾਨੂੰਨੀ ਤਰੀਕੇ ਨਾਲ ਮੁਆਵਜ਼ਾ ਵੰਡ ਦਿੱਤਾ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਆਨੰਦ ਸਾਗਰ ਸ਼ਰਮਾ ਨੇ ਸ਼ਡਿਊਲ ਡਰਾਫਟ 3-ਏ ਤਿਆਰ ਕਰਦੇ ਸਮੇਂ ਆਪਣੇ ਜਾਣਕਾਰ ਵਿਅਕਤੀਆਂ ਨਾਲ ਮਿਲ ਕੇ ਮੁਆਵਜ਼ਾ ਰਾਸ਼ੀ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਉਕਤ ਪੰਜ ਪਿੰਡਾਂ ਦੇ ਬਦਲੇ ਅਸਲ ਜ਼ਮੀਨ ਮਾਲਕਾਂ ਦੀ  ਗੁਪਤ ਸੂਚਨਾ ਆਪਣੇ ਨਜ਼ਦੀਕੀ ਸਾਥੀਆਂ ਨੂੰ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਬਦਲੇ ਹੋਏ ਖਸਰਾ ਨੰਬਰਾਂ ਵਾਲੇ ਸਬੰਧਤ ਅਸਲ ਜ਼ਮੀਨ ਮਾਲਕਾਂ ਨਾਲ ਸੰਪਰਕ ਕੀਤਾ ਅਤੇ ਮਾਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜ਼ਮੀਨਾਂ ਖਰੀਦ ਲਈਆਂ ਗਈਆਂ।

ਇਨ੍ਹਾਂ ਖਸਰਾ ਨੰਬਰਾਂ ਦੇ ਮਾਲਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਜ਼ਮੀਨ ਦੇ ਖਸਰਾ ਨੰਬਰ ਅਨੁਸੂਚੀ 3-ਏ ਦੀ ਬਦਲੀ ਹੋਈ ਅਲਾਈਨਮੈਂਟ ਵਿੱਚ ਦਰਜ ਹਨ ਕਿਉਂਕਿ ਉਕਤ ਖੇਤਰ ਵਿੱਚ ਕਦੇ ਕੋਈ ਸਰਵੇਖਣ ਹੀ ਨਹੀਂ ਕੀਤਾ ਗਿਆ ਸੀ। ਪੜਤਾਲ ਦੌਰਾਨ ਪਾਇਆ ਗਿਆ ਕਿ ਨੋਟੀਫਿਕੇਸ਼ਨ 3-ਏ ਤੋਂ ਬਾਅਦ ਅਤੇ ਐਵਾਰਡ ਦੀ ਵੰਡ ਤੱਕ ਪਿੰਡ ਖਵਾਸਪੁਰ ਅਤੇ ਹਰਦੋ ਖਾਨਪੁਰ ਨਾਲ ਸਬੰਧਤ ਬਦਲੀ ਗਈ ਅਲਾਈਨਮੈਂਟ ਵਿੱਚ ਪੈਂਦੇ ਇਲਾਕੇ ਵਿੱਚ ਮਾਲ ਅਧਿਕਾਰੀਆਂ ਵੱਲੋਂ ਕੁੱਲ 54 ਰਜਿਸਟਰੀਆਂ ਦਰਜ ਕੀਤੀਆਂ ਗਈਆਂ।

ਇੱਥੇ ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇਅ ਐਕਟ 1956 ਦੀ ਧਾਰਾ 3-ਸੀ ਤਹਿਤ ਜ਼ਮੀਨ ਮਾਲਕਾਂ ਵੱਲੋਂ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਸਬੰਧੀ 40 ਦਰਖਾਸਤਾਂ ਆਨੰਦ ਸਾਗਰ ਸ਼ਰਮਾ ਵੱਲੋਂ ਪ੍ਰਾਪਤ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਹਿਸੀਲਦਾਰ ਹੁਸ਼ਿਆਰਪੁਰ ਰਾਹੀਂ ਸਬੰਧਤ ਕਾਨੂੰਗੋ ਹੁਸ਼ਿਆਰਪੁਰ, ਨਸਰਾਲਾ ਤੇ ਪ੍ਰੇਮਗੜ੍ਹ ਨੂੰ ਰਿਪੋਰਟ ਲਈ ਭੇਜੀਆਂ ਗਈਆਂ ਸਨ।

ਮੁਲਜ਼ਮ ਆਨੰਦ ਸਾਗਰ ਸ਼ਰਮਾ ਵੱਲੋਂ ਇਨ੍ਹਾਂ 40 ਦਰਖਾਸਤਾਂ ਦੀ ਰਿਪੋਰਟ ਤਹਿਸੀਲਦਾਰ ਹੁਸ਼ਿਆਰਪੁਰ ਤੋਂ ਪ੍ਰਾਪਤ ਨਾ ਹੋਣ ਦੇ ਬਾਵਜੂਦ ਵੀ ਉਸ ਨੇ ਆਪਣੇ ਨਿੱਜੀ ਲਾਭ ਲਈ ਪਿੰਡ ਖਵਾਸਪੁਰ ਵਿੱਚ ਆਪਣੇ ਜਾਣਕਾਰ ਵਿਅਕਤੀਆਂ ਵੱਲੋਂ ਖਰੀਦੀਆਂ ਜ਼ਮੀਨਾਂ ਸਬੰਧੀ ਨੈਸ਼ਨਲ ਹਾਈਵੇਅ ਐਕਟ 1956 ਦੀ ਧਾਰਾ 3-ਸੀ ਅਧੀਨ ਪ੍ਰਾਪਤ 4 ਦਰਖਾਸਤਾਂ ਵੱਖਰੇ ਤੌਰ ’ਤੇ ਲਈਆਂ। ਉਸ ਨੇ ਉਕਤ ਜ਼ਮੀਨ ਦੀ ਗਲਤ ਤਸਦੀਕ ਕਰਵਾ ਕੇ ਉਕਤ ਜ਼ਮੀਨ ’ਤੇ ਸਥਾਪਿਤ ਕਾਲੋਨੀ ਵਜੋਂ ਸਬੰਧਤ ਪਟਵਾਰੀ ਤੋਂ ਸਿੱਧੇ ਤੌਰ ’ਤੇ ਝੂਠੀ ਰਿਪੋਰਟ ਪ੍ਰਾਪਤ ਕੀਤੀ, ਜਦਕਿ ਨੋਟੀਫਿਕੇਸ਼ਨ 3-ਡੀ ਅਤੇ 3-ਜੀ ’ਚ ਇਨ੍ਹਾਂ ਜ਼ਮੀਨਾਂ ਦੀ ਕਿਸਮ ’ਚਾਹੀ’ (ਕਾਸ਼ਤਯੋਗ) ਵਜੋਂ ਦੱਸੀ ਗਈ ਸੀ।

ਤਾਜ਼ਾ ਜਾਂਚ ਦੌਰਾਨ ਉਕਤ ਮਾਮਲੇ ਵਿੱਚ ਐਸ.ਡੀ.ਐਮ ਹੁਸ਼ਿਆਰਪੁਰ ਅਤੇ ਦਫ਼ਤਰ ਤਹਿਸੀਲਦਾਰ ਹੁਸ਼ਿਆਰਪੁਰ ਵਿੱਚ ਲੋੜੀਂਦਾ ਰਿਕਾਰਡ ਗਾਇਬ ਪਾਇਆ ਗਿਆ ਜਿਸ ਕਰਕੇ ਇਸ ਕੇਸ ਵਿੱਚ ਆਈ.ਪੀ.ਸੀ. ਦੀ ਧਾਰਾ 201 ਜੋੜ ਕੇ ਉਕਤ ਮਾਮਲੇ ਵਿੱਚ 42 ਹੋਰ ਨਵੇਂ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਵੱਲੋਂ ਨਵੇਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚੋਂ 8 ਮੁਲਜ਼ਮਾਂ ਨੂੰ ਮਿਤੀ 18.11.2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਮੁਲਜ਼ਮ ਪ੍ਰਦੀਪ ਗੁਪਤਾ ਵਾਸੀ ਚਰਚ ਰੋਡ, ਸਿਵਲ ਲਾਈਨ ਹੁਸ਼ਿਆਰਪੁਰ ਨੇ ਮੁਲਜ਼ਮ ਹਰਪਿੰਦਰ ਸਿੰਘ ਨਾਲ ਮਿਲੀਭੁਗਤ ਨਾਲ ਆਪਣੇ ਪੁੱਤਰਾਂ ਪ੍ਰਤੀਕ ਗੁਪਤਾ ਅਤੇ ਅੰਮ੍ਰਿਤਪ੍ਰੀਤ ਸਿੰਘ ਦੇ ਨਾਂ ਪਿੰਡ ਖਵਾਸਪੁਰ ਵਿਖੇ 9 ਕਨਾਲ 4 ਮਰਲੇ ਜ਼ਮੀਨ ਕਲੋਨੀ ਰੇਟ 6,63,39,000 ਵਿੱਚ ਖਰੀਦੀ ਅਤੇ ਆਪਣੇ ਪੁੱਤਰ ਪ੍ਰਤੀਕ ਗੁਪਤਾ ਦੇ ਬੈਂਕ ਖਾਤੇ ਵਿੱਚ 6,63,39,000 ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਾਪਤ ਕੀਤੀ। 

ਮੁਲਜ਼ਮ ਸੰਨੀ ਕੁਮਾਰ ਨੰਬਰਦਾਰ ਵਾਸੀ ਪਿੰਡ ਖਵਾਸਪੁਰ ਨੇ ਰਜਿਸਟਰੀ ਸਮੇਂ ਸੁਰਜੀਤ ਸਿੰਘ ਦੇ ਹਾਜ਼ਰ ਨਾ ਹੋਣ ਦੇ ਬਾਵਜੂਦ ਮੁਲਜ਼ਮਾਂ ਦੀ ਮਿਲੀਭੁਗਤ ਨਾਲ ਉਸ ਪਿੰਡ ਦਾ ਨੰਬਰਦਾਰ ਹੋਣ ਦੀ ਝੂਠੀ ਗਵਾਹੀ ਦਿੱਤੀ। ਦੋਸ਼ੀ ਦਲਵਿੰਦਰ ਕੁਮਾਰ ਵਾਸੀ ਪਿੰਡ ਖਵਾਸਪੁਰ ਨੇ ਆਪਣੇ ਜਾਣਕਾਰ ਹਰਪਿੰਦਰ ਸਿੰਘ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਖਰੀਦਦਾਰ ਵਜੋਂ ਹਰਪਿੰਦਰ ਸਿੰਘ ਦੇ ਜਾਣਕਾਰਾਂ ਦੇ ਨਾਂ ’ਤੇ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ।

ਮੁਲਜ਼ਮ ਹਰਦੀਪ ਕੌਰ ਪਤਨੀ ਰੁਪਿੰਦਰ ਸਿੰਘ ਗਿੱਲ ਵਾਸੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਨੇ ਆਪਣੇ ਪਤੀ ਅਤੇ ਆਪਣੇ ਜੀਜਾ ਮੁਲਜ਼ਮ ਹਰਪਿੰਦਰ ਸਿੰਘ ਨਾਲ ਮਿਲ ਕੇ ਸਾਜ਼ਿਸ਼ ਤਹਿਤ 4 ਕਨਾਲ 17 ਮਰਲੇ ਜ਼ਮੀਨ ਆਪਣੇ ਨਾਂ ਕਰਵਾ ਲਈ ਅਤੇ ਉਸ ਦਾ ਮੁਆਵਜ਼ਾ 2,42,89,200 ਰੁਪਏੇ ਆਪਣੇ ਬੈਂਕ ਖਾਤੇ ਵਿੱਚ ਪਵਾ ਲਿਆ। ਕਥਿਤ ਦੋਸ਼ੀ ਤਜਿੰਦਰ ਸਿੰਘ ਵਾਸੀ ਕੁੰਜ ਐਕਸਟੈਨਸ਼ਨ, ਜਲੰਧਰ ਨੇ ਆਪਣੇ ਜਾਣਕਾਰ ਹਰਪਿੰਦਰ ਸਿੰਘ ਨਾਲ ਸਾਜ਼ਿਸ਼ ਰਚ ਕੇ 18 ਮਰਲੇ 1 ਸਰਸਾਈ ਜ਼ਮੀਨ ਆਪਣੇ ਨਾਮ ’ਤੇ ਰਜਿਸਟਰਡ ਕਰਵਾ ਕੇ ਬੈਂਕ ਖਾਤੇ ਵਿੱਚ 56,16,000 ਰੁਪਏ ਬਤੌਰ ਮੁਆਵਜ਼ਾ ਹੜੱਪ ਲਏ।

ਦੋਸ਼ੀ ਮੋਹਿਤ ਗੁਪਤਾ, ਵਾਸੀ ਮਿਲਰਗੰਜ ਓਵਰਲਾਕ ਰੋਡ, ਲੁਧਿਆਣਾ ਨੇ 27,00,000 ਰੁਪਏ ਬਤੌਰ ਮੁਆਵਜ਼ਾ ਆਪਣੇ ਖਾਤੇ ਵਿੱਚ ਟਰਾਂਸਫਰ ਕੀਤਾ। ਮੁਲਜ਼ਮ ਰਾਮਜੀ ਡੀਡ ਰਾਈਟਰ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ, ਵਾਸੀ ਪਿੰਡ ਮਰੂਲੀ ਬ੍ਰਾਹਮਣਾ ਨੇ ਤਹਿਸੀਲਦਾਰ, ਨਾਇਬ-ਤਹਿਸੀਲਦਾਰ, ਰਜਿਸਟਰੀ ਕਲਰਕ ਅਤੇ ਮੁਲਜ਼ਮ ਖਰੀਦਦਾਰਾਂ ਦੀ ਮਿਲੀਭੁਗਤ ਨਾਲ 31 ਰਜਿਸਟਰੀਆਂ ਲਿਖਵਾ ਕੇ ਅਸਲ ਮਾਲਕਾਂ ਨਾਲ ਧੋਖਾ ਕੀਤਾ ਹੈ। ਮੁਲਜ਼ਮ ਜਸਵਿੰਦਰ ਸਿੰਘ ਪਟਵਾਰੀ (ਹੁਣ ਸੇਵਾਮੁਕਤ), ਮਾਲ ਹਲਕਾ ਡਿਗਾਣਾ ਕਲਾਂ, ਡਿਗਾਣਾ ਖੁਰਦ ਅਤੇ ਹਰਦੋਖਾਨਪੁਰ ਨੇ ਅਸਲ ਜ਼ਮੀਨ ਮਾਲਕਾਂ ਨਾਲ ਧੋਖਾ ਕਰਦਿਆਂ ਫਰਜ਼ੀ ਖਰੀਦਦਾਰਾਂ ਨਾਲ ਮਿਲੀਭੁਗਤ ਕਰਕੇ ਨੋਟੀਫਿਕੇਸ਼ਨ ਤੋਂ ਬਾਅਦ ਖਰੀਦੀ ਜ਼ਮੀਨ ਦਾ ਤਬਾਦਲਾ ਕਰਵਾ ਦਿੱਤਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਮੁਲਜ਼ਮਾਂ ਨੂੰ ਐਤਵਾਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਵਲੋਂ ਹੋਰ ਜਾਂਚ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਗਿਫ਼ਤਾਰੀ ਲਈ ਉਨ੍ਹਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਲੁਕਣ ਵਾਲੀਆਂ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਗਿਫ਼ਤਾਰ ਕਰ ਲਿਆ ਜਾਵੇਗਾ।

(For more news apart from Punjab News, stay tuned to Rozana Spokesman)
 

 

SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement