
ਜੇਲ੍ਹਾਂ ਦੀ ਸੁਰੱਖਿਆ ਨੂੰ ਗੰਭੀਰਤਾ ਨੂੰ ਲੈਂਦਿਆਂ ਜੇਲ੍ਹ ਵਿਭਾਗ ਨੇ ਅੱਜ ਅਣਗਹਿਲੀ ਦੇ ਦੋਸ਼ਾਂ ਤਹਿਤ ਮੌਜੂਦਾ ਸਮੇਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ...
ਚੰਡੀਗੜ੍ਹ (ਸਸਸ) : ਜੇਲ੍ਹਾਂ ਦੀ ਸੁਰੱਖਿਆ ਨੂੰ ਗੰਭੀਰਤਾ ਨੂੰ ਲੈਂਦਿਆਂ ਜੇਲ੍ਹ ਵਿਭਾਗ ਨੇ ਅੱਜ ਅਣਗਹਿਲੀ ਦੇ ਦੋਸ਼ਾਂ ਤਹਿਤ ਮੌਜੂਦਾ ਸਮੇਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਦਲਬੀਰ ਸਿੰਘ ਤੇਜੀ ਨੂੰ ਡਿਪਟੀ ਸੁਪਰਡੈਂਟ ਦਰਜਾ-1 ਤੋਂ ਡਿਮੋਟ ਕਰ ਕੇ ਦਰਜਾ-2 ਕਰ ਦਿਤਾ ਹੈ। ਇਹ ਜਾਣਕਾਰੀ ਜੇਲ੍ਹ ਵਿਭਾਗ ਦੇ ਬੁਲਾਰੇ ਵਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਦਿਤੀ ਗਈ।
ਬੁਲਾਰੇ ਨੇ ਦੱਸਿਆ ਕਿ ਜੇਲ੍ਹ ਵਿਭਾਗ ਵਲੋਂ ਦਲਬੀਰ ਸਿੰਘ ਤੇਜੀ ਨੂੰ ਡਿਪਟੀ ਸੁਪਰਡੈਂਟ ਦਰਜਾ-1 ਤੋਂ ਡਿਮੋਟ ਕਰ ਕੇ ਦਰਜਾ-2 ਕਰਨ ਦੀ ਤਜਵੀਜ਼ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਗਈ ਸੀ ਜਿਸ ਉਤੇ ਕਮਿਸ਼ਨ ਨੇ ਸਹਿਮਤੀ ਪ੍ਰਗਟਾ ਦਿਤੀ ਹੈ। ਬੁਲਾਰੇ ਨੇ ਅਗਾਂਹ ਦੱਸਿਆ ਕਿ ਜਦੋਂ ਦਲਬੀਰ ਸਿੰਘ ਤੇਜੀ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਤਾਇਨਾਤ ਸਨ ਤਾਂ ਐਸ.ਟੀ.ਐਫ. ਨੇ ਇਕ ਕੈਦੀ ਦੇ ਪਰਿਵਾਰਕ ਮੈਂਬਰਾਂ ਕੋਲੋਂ 50 ਹਜ਼ਾਰ ਰੁਪਏ ਅਤੇ ਕੁਝ ਸਮਾਨ ਫੜਿਆ ਗਿਆ ਜੋ ਉਸ ਨੇ ਸੁਪਰਡੈਂਟ ਨੂੰ ਇਹ ਰਕਮ ਦੇ ਕੇ ਕੈਦੀ ਤੱਕ ਸਮਾਨ ਪਹੁੰਚਾਣਾ ਸੀ।
ਇਸ ਤੋਂ ਇਲਾਵਾ ਏ.ਡੀ.ਜੀ.ਪੀ. ਜੇਲ੍ਹਾਂ ਦੇ ਆਦੇਸ਼ਾਂ ਉਤੇ ਡੀ.ਆਈ.ਜੀ. ਜੇਲ੍ਹਾਂ ਐਸ.ਐਸ.ਸੈਣੀ ਵਲੋਂ ਕੀਤੀ ਜਾਂਚ ਵਿਚ ਜੇਲ੍ਹ ਸੁਪਰਡੈਂਟ ਦੀ ਇਹ ਕੋਤਾਹੀ ਵੀ ਸਾਹਮਣੇ ਆਈ ਕਿ ਕੈਦੀ ਨੂੰ ਹਾਈ ਸਕਿਓਰਟੀ ਜ਼ੋਨ ਵਿੱਚ ਨਹੀਂ ਰੱਖਿਆ ਗਿਆ ਸੀ ਜਿਸ ਕਾਰਨ ਜੇਲ੍ਹ ਸੁਪਰਡੈਂਟ ਨੂੰ ਚਾਰਜਸ਼ੀਟ ਵੀ ਜਾਰੀ ਕੀਤੀ ਗਈ ਸੀ।