
ਛੇੜਛਾੜ ਮਾਮਲੇ ਦੇ ਵਿਚ ਸਬੂਤਾਂ ਦੇ ਨਾ ਹੋਣ ਕਾਰਨ ਅਦਾਲਤ ਨੇ ਪੰਜਾਬ ਪੁਲਿਸ ਦੇ ਸਬ ਇੰਨਸਪੈਕਟਰ ਦਵਿੰਦਰ ਸਿੰਘ ਨੂੰ ਬਰੀ
ਚੰਡੀਗੜ੍ਹ (ਪੀਟੀਆਈ) : ਛੇੜਛਾੜ ਮਾਮਲੇ ਦੇ ਵਿਚ ਸਬੂਤਾਂ ਦੇ ਨਾ ਹੋਣ ਕਾਰਨ ਅਦਾਲਤ ਨੇ ਪੰਜਾਬ ਪੁਲਿਸ ਦੇ ਸਬ ਇੰਨਸਪੈਕਟਰ ਦਵਿੰਦਰ ਸਿੰਘ ਨੂੰ ਬਰੀ ਕਰ ਦਿਤਾ ਹੈ। ਦਵਿੰਦਰ ਦੇ ਖਿਲਾਫ਼ ਏ.ਡੀ.ਜੀ.ਪੀ. ਇੰਟੈਲੀਜੈਂਸ ਆਫ਼ਿਸ ਪੰਜਾਬ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿਚ ਉਸ ਦੇ ਖਿਲਾਫ਼ ਦਫ਼ਤਰ ਵਿਚ ਹੀ ਤੈਨਾਤ ਇਕ ਜੂਨੀਅਰ ਔਰਤ ਕਰਮਚਾਰੀ ਦੇ ਨਾਲ ਛੇੜਛਾੜ ਕੀਤੇ ਜਾਣ ਦੇ ਦੋਸ਼ ਲਗਾਏ ਗਏ ਸਨ।
ਇਸ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਕਰਨ ਤੋਂ ਬਾਅਦ ਸਾਲ 2015 ਵਿਚ ਸੈਕਟਰ-3 ਥਾਣਾ ਪੁਲਿਸ ਨੇ ਸਬ ਇੰਨਸਪੈਕਟਰ ਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਬਚਾਅ ਪੱਖ ਦੇ ਮੁਤਾਬਕ ਸ਼ਿਕਾਇਤਕਰਤਾ ਨੇ ਅਪਣੇ ਨਾਲ ਕੀਤੀ ਗਈ ਛੇੜਛਾੜ ਦੀ ਸ਼ਿਕਾਇਤ ਕਈ ਸਾਲ ਬਾਅਦ ਕਿਉਂ ਦਿਤੀ ਸੀ। ਛੇੜਛਾੜ ਕੀਤੇ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਦਵਿੰਦਰ ਨੂੰ ਅਪਣੇ ਵਿਆਹ ਵਿਚ ਕਿਉਂ ਬੁਲਾਇਆ ਸੀ।
ਖ਼ੁਦ ਪੁਲਿਸ ਮਹਿਕਮੇ ਵਿਚ ਕਰਮਚਾਰੀ ਹੋਣ ਦੇ ਬਾਵਜੂਦ ਵੀ ਸ਼ਿਕਾਇਤਕਰਤਾ ਨੇ ਇਸ ਗੱਲ ਦੀ ਸ਼ਿਕਾਇਤ ਕਿਉਂ ਕਿਸੇ ਮਹਿਲਾ ਅਧਿਕਾਰੀ ਤੱਕ ਨਹੀਂ ਕੀਤੀ ਸੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਵਿੰਦਰ ਨੂੰ ਬਰੀ ਕਰ ਦਿਤਾ। ਥਾਣਾ ਪੁਲਿਸ ਦੁਆਰਾ ਦਰਜ ਕੀਤੇ ਗਏ ਕੇਸ ਦੇ ਮੁਤਾਬਕ ਏ.ਡੀ.ਜੀ.ਪੀ. ਇੰਟੈਲੀਜੈਂਸ ਆਫ਼ਿਸ ਪੰਜਾਬ ਵਿਚ ਤੈਨਾਤ ਔਰਤ ਕਰਮਚਾਰੀ ਨੇ ਆਫ਼ਿਸ ਵਿਚ ਹੀ ਤੈਨਾਤ ਸਬ ਇੰਸਪੈਕਟਰ ਦਵਿੰਦਰ ਸਿੰਘ ‘ਤੇ ਉਸ ਦੇ ਨਾਲ ਛੇੜਛਾੜ ਕਰਣ ਦੀ ਸ਼ਿਕਾਇਤ ਦਿਤੀ ਸੀ।
ਸ਼ਿਕਾਇਤ ਵਿਚ ਉਸ ਨੇ ਦੱਸਿਆ ਸੀ ਕਿ ਸਾਲ 2007 ਵਿਚ ਸਬ ਇੰਨਸਪੈਕਟਰ ਦਵਿੰਦਰ ਸਿੰਘ ਦੇਰ ਰਾਤ 7 ਵਜੇ ਉਸ ਨੂੰ ਘਰ ਛੱਡਣ ਦੇ ਬਹਾਨੇ ਨਾਲ ਅਪਣੇ ਨਾਲ ਕਾਰ ਵਿਚ ਲੈ ਗਿਆ ਸੀ। ਉਸ ਤੋਂ ਬਾਅਦ ਉਸ ਨੇ ਇਕ ਸੁੰਨਸਾਨ ਜਗ੍ਹਾ ‘ਤੇ ਸਥਿਤ ਕੋਠੀ ਵਿਚ ਲਿਜਾ ਕੇ ਉਸ ਨਾਲ ਛੇੜਛਾੜ ਕੀਤੀ ਸੀ। ਉਸ ਦੇ ਵਿਰੋਧ ਕਰਨ ‘ਤੇ ਦਵਿੰਦਰ ਨੇ ਉਸ ‘ਤੇ ਪਿਸਟਲ ਤਾਨ ਕੇ ਉਸ ਤੋਂ ਇਕ ਲੈਟਰ ਲਿਖਵਾਇਆ ਸੀ ਜਿਸ ਵਿਚ ਉਸ ਨੇ ਲਿਖਵਾਇਆ ਸੀ
ਕਿ ਜੋ ਵੀ ਸਾਡੇ ਵਿਚ ਹੋ ਰਿਹਾ ਹੈ ਉਹ ਸਹਿਮਤੀ ਨਾਲ ਹੋ ਰਿਹਾ ਹੈ। ਸਾਲ 2009 ਵਿਚ ਔਰਤ ਦਾ ਵਿਆਹ ਹੋ ਗਿਆ ਸੀ, ਜਿਸ ਤੋਂ ਬਾਅਦ ਸਾਲ 2011 ਵਿਚ ਦਵਿੰਦਰ ਨੇ ਉਸੇ ਲਿਖਵਾਏ ਗਏ ਕਾਗਜ਼ ਦੇ ਦਮ ‘ਤੇ ਉਸ ਨੂੰ ਤੰਗ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਪੀੜਿਤਾ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ।