
ਪ੍ਰਭਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਮੇਰੇ ਪਿਤਾ ਜੀ ਦੀ ਹੋਈ ਮੌਤ ਦਾ ਇਨਸਾਫ ਨਾ ਮਿਲਣ ਕਾਰਨ ਮੈਂ ਅਸਤੀਫ਼ਾ ਦੇ ਰਿਹਾ ਹਾਂ।
ਫਰੀਦਕੋਟ: ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਇਨਸਾਫ਼ ਲਈ ਨੈਸ਼ਨਲ ਹਾਈਵੇ-54 'ਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਨਸਾਫ਼ ਮੋਰਚੇ ਦੌਰਾਨ ਗੋਲੀਕਾਂਡ ਪੀੜਤ ਪਰਿਵਾਰ ਨੇ ਵੱਡਾ ਫ਼ੈਸਲਾ ਲਿਆ ਹੈ। ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਪ੍ਰਭਦੀਪ ਸਿੰਘ ਨੇ ਤਰਸ ਦੇ ਆਧਾਰ 'ਤੇ ਮਿਲੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।
2015 'ਚ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪ੍ਰਭਦੀਪ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਸੀ। ਪ੍ਰਭਦੀਪ ਸਿੰਘ ਬਹਿਬਲ ਕਲਾਂ ਦੇ ਸਰਕਾਰੀ ਸਕੂਲ ਵਿਚ ਨੌਕਰੀ ਕਰ ਰਹੇ ਸਨ। ਡੀਈਓ ਫ਼ਰੀਦਕੋਟ ਨੂੰ ਦਿੱਤੇ ਅਸਤੀਫ਼ੇ ਵਿਚ ਪ੍ਰਭਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਮੇਰੇ ਪਿਤਾ ਜੀ ਦੀ ਹੋਈ ਮੌਤ ਦਾ ਇਨਸਾਫ ਨਾ ਮਿਲਣ ਕਾਰਨ ਮੈਂ ਅਸਤੀਫ਼ਾ ਦੇ ਰਿਹਾ ਹਾਂ।
ਉਹਨਾਂ ਲਿਖਿਆ, “ਮੈਂ ਪ੍ਰਭਦੀਪ ਸਿੰਘ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ। ਮੈਨੂੰ ਇਹ ਨੌਕਰੀ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਤਰਸ ਦੇ ਅਧਾਰ ’ਤੇ ਦਿੱਤੀ ਗਈ ਸੀ। ਨੌਕਰੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਨੌਕਰੀ ਦੇ ਨਾਲ-ਨਾਲ ਤੁਹਾਡੇ ਪਿਤਾ ਜੀ ਦੇ ਕਾਤਲਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਲੰਬਾ ਸਮਾਂ ਬੀਤਣ ਦੇ ਬਾਵਜੂਦ ਅਤੇ 3 ਸਰਕਾਰਾਂ ਦੇ ਬਦਲਣ ਤੋਂ ਬਾਅਦ ਵੀ ਕਿਸੇ ਵੀ ਸਰਕਾਰ ਵੱਲੋਂ ਦੋਸ਼ੀਆਂ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨਸਾਫ਼ ਤੋਂ ਬਿਨ੍ਹਾਂ ਇਹਨਾਂ ਨੌਕਰੀਆਂ ਤੋਂ ਕੀ ਲੈਣਾ, ਜਿਸ ਦੇ ਰੋਸ ਵਜੋਂ ਮੈਂ ਆਪਣੇ ਇਸ ਸਰਕਾਰੀ ਕੰਮ ਤੋਂ ਅਸਤੀਫ਼ਾ ਦਿੰਦਾ ਹਾਂ”।
ਇਸ ਦੇ ਨਾਲ ਹੀ ਇਨਸਾਫ਼ ਮੋਰਚੇ ਨੇ ਮੌਸਮ ਦੇ ਮੱਦੇਨਜ਼ਰ ਨੈਸ਼ਨਲ ਹਾਈਵੇਅ 54 'ਤੇ ਲਗਾਇਆ ਜਾਮ ਵੀ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਹੈ, ਹਾਲਾਂਕਿ ਮੋਰਚਾ ਇਨਸਾਫ ਮਿਲਣ ਤੱਕ ਜਾਰੀ ਰਹੇਗਾ। ਇਨਸਾਫ ਮੋਰਚੇ ਨੇ ਐਲਾਨ ਕੀਤਾ ਕਿ ਅਗਲੀ ਰਣਨੀਤੀ 7 ਜਨਵਰੀ ਨੂੰ ਐਲਾਨੀ ਜਾਵੇਗੀ।