
ਭਾਰਤੀ ਸ਼ੇਰਾਂ ਨੇ ਆਸਟ੍ਰੇਲੀਆ ਨੂੰ ਉਸ ਦੇ ਘਰ ਵਿਚ ਦਿਤੀ ਮਾਤ
ਲੜੀ 2-1 ਨਾਲ ਜਿੱਤੀ, ਰਿਸ਼ਭ ਪੰਤ ਬਣਿਆ 'ਮੈਨ ਆਫ਼ ਦਾ ਮੈਚ'
ਬਿ੍ਸਬੇਨ, 19 ਜਨਵਰੀ : ਬਿ੍ਸਬੇਨ ਦੇ ਗਾਬਾ ਮੈਦਾਨ 'ਚ ਆਸਟਰੇਲੀਆ ਨੂੰ ਚੌਥੇ ਅਤੇ ਆਖ਼ਰੀ ਕਿ੍ਕਟ ਟੈਸਟ ਦੇ 5ਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿਤਾ |
ਸਲਾਮੀ ਬੱਲੇਬਾਜ਼ ਸ਼ੁਭਮਨ ਗਿਲ (91), ਚੇਤੇਸ਼ਵਰ ਪੁਜਾਰਾ (56) ਅਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਨਾਬਾਦ 89) ਦੀ ਬੱਲੇਬਾਜ਼ੀ ਨਾਲ ਭਾਰਤ ਨੇ ਇਹ ਇਤਿਹਾਸ ਬਣਾਇਆ | ਭਾਰਤ ਨੇ ਪਹਿਲੀ ਵਾਰ ਬਿ੍ਸਬੇਨ ਵਿਚ ਟੈਸਟ ਜਿੱਤ ਹਾਸਲ ਕੀਤੀ ਅਤੇ ਚਾਰ ਮੈਚਾਂ ਦੀ ਲੜੀ ਨੂੰ 2-1 ਨਾਲ ਜਿੱਤ ਲਿਆ | ਭਾਰਤ ਨੂੰ ਇਸ ਮੁਕਾਬਲੇ ਨੂੰ ਜਿੱਤਣ ਲਈ 328 ਦੌੜਾਂ ਦਾ ਟੀਚਾ ਮਿਲਿਆ ਸੀ | ਭਾਰਤ ਨੇ 97 ਓਵਰ ਵਿਚ 7 ਵਿਕਟਾਂ 'ਤੇ 329 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ | ਆਸਟਰੇਲੀਆ ਦੀ ਗਾਬਾ ਮੈਦਾਨ 'ਤੇ ਪਿਛਲੇ 32 ਸਾਲਾਂ ਵਿਚ ਇਹ ਪਹਿਲੀ ਹਾਰ ਹੈ, ਜਦੋਂਕਿ ਭਾਰਤ ਨੇ ਇਥੇ ਅਪਣੀ ਪਹਿਲੀ ਜਿੱਤ ਦਰਜ ਕੀਤੀ ਹੈ | ਇਸ ਤੋਂ ਪਹਿਲਾਂ ਮਾਰਨਸ ਲਾਬੁਸ਼ੇਨ ਦੀ ਸੈਂਕੜਾ ਪਾਰੀ (108) ਦੀ ਬਦੌਲਤ ਆਸਟ੍ਰੇਲੀਆ ਨੇ ਪਹਿਲੀ ਇਨਿੰਗ 'ਚ 369 ਦੌੜਾਂ ਬਣਾਈਆਂ | ਇਸ ਦੌਰਾਨ ਭਾਰਤ ਵਲੋਂ ਟੀ ਨਟਰਾਜਨ, ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ 3-3 ਵਿਕਟਾਂ ਮਿਲੀਆਂ ਜਦੋਂਕਿ ਸਿਰਾਜ ਦੇ ਹੱਥ ਇਕ ਸਫ਼ਲਤਾ ਲੱਗੀ | ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਨੇ ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ
ਦੀਆਂ 123 ਦੌੜਾਂ ਦੀ ਸਾਂਝੀਦਾਰੀ ਦੀ ਬਦੌਲਤ 336 ਦੌੜਾਂ ਬਣਾਈਆਂ | ਮੁਹੰਮਦ ਸਿਰਾਜ (5) ਅਤੇ ਸ਼ਾਰਦੁਲ ਠਾਕੁਰ (4) ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੂੰ ਦੂਜੀ ਪਾਰੀ ਦੇ ਚੌਥੇ ਦਿਨ 294 ਦੌੜਾਂ 'ਤੇ ਢੇਰ ਕਰਨ ਦੇ ਬਾਅਦ ਪੰਜਵੇਂ ਦਿਨ ਮੈਚ ਨੂੰ ਅਪਣੇ ਨਾਮ ਕਰ ਲਿਆ | ਅੰਤ ਵਿਚ ਪੰਤ ਅਤੇ ਸੈਨ ਭਾਰਤ ਨੂੰ ਜਿੱਤ ਦਿਵਾ ਕੇ ਵਾਪਸ ਪਰਤੇ |
ਪਹਿਲੀ ਪਾਰੀ ਵਿਚ ਬਿਹਤਰੀਨ ਪਾਰੀ ਖੇਡਣ ਵਾਲੇ ਸ਼ਾਰਦੁਲ ਠਾਕੁਰ ਸਿਫ 2 ਹੀ ਦੌੜਾਂ ਬਣਾ ਸਕੇ ਅਤੇ ਖ਼ਰਾਬ ਸ਼ਾਟ ਕਾਰਨ ਹੇਜਲਵੁੱਡ ਦੀ ਗੇਂਦ 'ਤੇ ਲਿਓਨ ਦੇ ਹੱਥੋਂ ਕੈਚ ਆਊਟ ਹੋ ਕੇ ਵਿਕਟ ਗਵਾ ਦਿਤੀ | ਵਾਸ਼ਿੰਗਟਨ ਸੁੰਦਰ ਨੇ ਛੋਟੀ ਪਰ ਸ਼ਾਨਦਾਰ ਪਾਰੀ ਖੇਡਦੇ ਹੋਏ 29 ਗੇਂਦਾਂ 'ਤੇ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਲਿਓਨ ਦੇ ਹੱਥੋਂ ਬੋਲਡ ਹੋਏ | ਪੁਜਾਰਾ ਕਮਿੰਸ ਦੀ ਗੇਂਦ 'ਤੇ ਐਲ.ਬੀ.ਡਬਲਯੂ. ਆਊਟ ਹੋਏ | ਉਨ੍ਹਾਂ ਨੇ 211 ਗੇਂਦਾਂ ਖੇਡਦੇ ਹੋਏ 7 ਚੌਕੇ ਲਗਾ ਕੇ 56 ਦੌੜਾਂ ਬਣਾਈਆਂ | ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿਲ ਨੇ ਦੂਜੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜਬੂਤੀ ਪ੍ਰਦਾਨ ਕੀਤੀ | ਜਦੋਂ ਜੋੜੀ 132 ਦੌੜਾਂ 'ਤੇ ਟੁੱਟ ਗਈ ਅਤੇ ਗਿਲ ਨਾਥਨ ਲਿਓਨ ਦੀ ਗੇਂਦ 'ਤੇ ਸਟੀਵ ਸਮਿਥ ਦੇ ਹੱਥੋਂ ਕੈਚ ਆਊਟ ਹੋ ਗਏ | ਗਿਲ ਭਾਵੇਂ ਹੀ ਸੈਂਕੜੇ ਲਗਾਉਣ ਤੋਂ ਰਹਿ ਗਏ ਪਰ ਉਨ੍ਹਾਂ ਨੇ 146 ਗੇਂਦਾਂ 'ਤੇ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ | (ਏਜੰਸੀ)
image