
ਬੰਦੀ ਸਿੰਘਾਂ ਨੇ ਦਿੱਤਾ 22 ਫਰਵਰੀ ਤਕ ਦਾ ਅਲਟੀਮੇਟਮ
ਮੋਹਾਲੀ- ਨਾਭਾ ਜੇਲ੍ਹ ਵਿਚ ਬੰਦ ਬੰਦੀ ਸਿੰਘਾਂ ਵੱਲੋਂ ਜੇਲ੍ਹ ਪ੍ਰਸਾਸ਼ਨ 'ਤੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜੇਲ੍ਹ ਵਿਚ ਬੰਦ ਬੰਦੀ ਸਿੰਘਾਂ ਨੇ ਜੇਲ੍ਹ ਪ੍ਰਸਾਸ਼ਨ ਨੂੰ 22 ਫਰਵਰੀ ਤਕ ਦਾ ਅਲਟੀਮੇਟਮ ਦਿੰਦਿਆਂ ਆਖਿਆ ਕਿ ਜੇਕਰ ਜੇਲ੍ਹ ਪ੍ਰਸ਼ਾਸਨ ਵੱਲੋਂ ਪਵਿੱਤਰ ਪੋਥੀਆਂ ਦੀ ਬੇਅਦਬੀ 'ਤੇ ਮੁਆਫ਼ੀ ਨਾ ਮੰਗੀ ਗਈ ਤਾਂ ਉਨ੍ਹਾਂ ਵੱਲੋਂ ਇਸ ਦੇ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।
File Photo
ਇਹ ਮੰਗ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤੇ ਭਾਈ ਹਰਬਿੰਦਰ ਸਿੰਘ ਅਤੇ ਹੋਰ ਸਾਥੀ ਬੰਦੀ ਸਿੰਘਾਂ ਵੱਲੋਂ ਅਪਣੀ ਵਕੀਲ ਕੁਲਵਿੰਦਰ ਕੌਰ ਜ਼ਰੀਏ ਉਠਾਈ ਗਈ ਹੈ। ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਨਾਭਾ ਜੇਲ੍ਹ ਦੇ ਬੰਦੀ ਸਿੰਘਾਂ ਵੱਲੋਂ ਜਾਰੀ ਬਿਆਨ ਵਿਚ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ 'ਤੇ ਇਲਜ਼ਾਮ ਲਗਾਏ ਗਏ ਹਨ
File Photo
ਕਿ ਉਨ੍ਹਾਂ ਨੇ ਸੰਗਤ ਵੱਲੋਂ ਬੰਦੀ ਸਿੰਘਾਂ ਲਈ ਭੇਜੀਆਂ ਪੋਥੀਆਂ ਦੀ ਬੇਅਦਬੀ ਕੀਤੀ ਹੈ। ਇਸ ਦੇ ਨਾਲ ਹੀ ਬੰਦੀ ਸਿੰਘਾਂ ਵੱਲੋਂ ਡਿਪਟੀ ਸੁਪਰਡੈਂਟ 'ਤੇ ਇਹ ਵੀ ਇਲਜ਼ਾਮ ਲਗਾਏ ਗਏ ਹਨ ਕਿ ਉਹ ਹਮੇਸ਼ਾ ਹੀ ਬੰਦੀ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਰਾਤ ਨੂੰ 12 ਵਜੇ ਤਲਾਸ਼ੀ ਬਹਾਨੇ ਬੰਦੀ ਸਿੰਘਾਂ ਨੂੰ ਚੱਕੀਆਂ ਤੋਂ ਬਾਹਰ ਕੱਢ ਕੇ ਖੜ੍ਹੇ ਕਰੀ ਰੱਖਦੇ ਹਨ। ਇਸ ਪ੍ਰੈੱਸ ਬਿਆਨ 'ਤੇ ਰਮਨਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਅਰਵਿੰਦਰ ਸਿੰਘ, ਸੁਰਜੀਤ ਸਿੰਘਘ, ਪਰਮਿੰਦਰ ਸਿੰਘ, ਮਨਿੰਦਰ ਸਿੰਘ, ਨਿਹਾਲ ਸਿੰਘ, ਸੁਲਤਾਨ ਸਿੰਘ,
File Photo
ਰਣਜੀਤ ਸਿੰਘ, ਅਸ਼ੋਕ ਕੁਮਾਰ, ਬਲਵੀਰ ਸਿੰਘ, ਗੁਰਦੇਵ ਸਿੰਘ, ਰਣਦੀਪ ਸਿੰਘ, ਸਤਿੰਦਰਜੀਤ ਸਿੰਘ, ਜਰਨੈਲ ਸਿੰਘ, ਮਾਨ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਅਤੇ ਸ਼ਬਨਮਦੀਪ ਸਿੰਘ ਦੇ ਦਸਤਖ਼ਤ ਕੀਤੇ ਹੋਏ ਹਨ। ਹੁਣ ਦੇਖਣਾ ਹੋਵੇਗਾ ਕਿ ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਪਣੇ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਬਾਰੇ ਕੀ ਪ੍ਰਤੀਕਿਰਿਆ ਦਿੰਦੇ ਹਨ।