
ਪੰਜਾਬ ਵਿਧਾਨ ਸਭਾ - ਕਿਸਾਨੀ ਟਿਊਬਵੈਲਾਂ ਦੀ ਮੁਫ਼ਤ ਬਿਜਲੀ ਜਾਰੀ ਰਹੇਗੀ
ਪੰਜਾਬ ਵਿਧਾਨ ਸਭਾ ਦਾ ਦੂਜੇ ਸਾਲ ਦਾ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਰਾਜਪਾਲ ਵੀ ਪੀ ਸਿੰਘ ਬਦਨੌਰ ਦੇ ਭਾਸ਼ਨ ਨਾਲ ਸ਼ੁਰੂ ਹੋਇਆ। ਅੰਗਰੇਜ਼ੀ ਵਿਚ ਭਾਸ਼ਨ ਪੜ੍ਹਦਿਆਂ ਰਾਜਪਾਲ ਨੇ ਕਾਂਗਰਸ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਦੇ ਸੋਹਲੇ ਗਾਏ ਅਤੇ ਸਾਲ 2018-19 ਲਈ ਹੋਰ ਕਈ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਦਾ ਵਾਅਦਾ ਕੀਤਾ। ਸਾਲ ਭਰ ਦੀ ਕਾਰਗੁਜ਼ਾਰੀ ਦੀ ਸਫ਼ਲਤਾ ਵਿਚ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਭਾਜਪਾ ਨੂੰ ਹਰਾ ਕੇ ਕਾਂਗਰਸ ਦਾ ਜਿੱਤਣਾ, ਚਾਰ ਨਗਰ ਨਿਗਮਾਂ ਤੇ 32 ਮਿਉਂਸਪੈਲਟੀ ਚੋਣਾਂ ਵਿਚ ਕਾਂਗਰਸ ਦਾ ਝੰਡਾ ਬੁਲੰਦ ਕਰਨਾ, ਕਾਨੂੰਨ ਦੇ ਰਾਜ ਨੂੰ ਪੁਨਰ ਸਥਾਪਤ ਕਰਨਾ, ਅਪਰਾਧੀ ਗਰੋਹਾਂ ਨਾਲ ਸਖ਼ਤੀ ਨਾਲ ਨਜਿੱਠਣਾ, ਧਾਰਮਕ ਬੇਅਦਬੀਆਂ ਅਤੇ ਸੀਨੀਅਰ ਆਗੂਆਂ ਦੇ ਕਤਲਾਂ ਵਿਚ ਸ਼ਾਮਲ ਗ਼ਲਤ ਅਨਸਰਾਂ ਦਾ ਪਤਾ ਲਾਉਣ ਲਈ ਜੁਡੀਸ਼ਲ ਜਾਂਚ ਕਮਿਸ਼ਨ ਸਥਾਪਤ ਕਰਨਾ ਸ਼ਾਮਲ ਹੈ। ਨਸ਼ਾ ਤਸਕਰੀ ਨੂੰ ਕੰਟਰੋਲ ਕਰਨਾ, ਝੋਨੇ ਦੀ ਰੀਕਾਰਡ 180 ਲੱਖ ਟਨ ਦੀ ਖ਼ਰੀਦ ਕਰਨਾ, ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਯੋਜਨਾਵਾਂ ਬਣਾਉਣਾ ਅਤੇ ਡਰਿੱਪ ਸਿੰਜਾਈ ਲਈ 80 ਫ਼ੀ ਸਦੀ ਸਬਸਿਡੀ ਦੇਣ ਅਤੇ ਕਿਸਾਨੀ ਕਰਜ਼ਿਆਂ ਨੂੰ ਮਾਫ਼ ਕਰਨ ਵਲ ਵੱਡੇ ਕਦਮ ਚੁੱਕਣ ਨੂੰ ਵੀ ਰਾਜਪਾਲ ਭਾਸ਼ਨ ਵਿਚ ਤਰਜੀਹ ਦਿਤੀ ਗਈ। ਆਉਂਦੇ ਸਮੇਂ ਵਿਚ 14 ਲੱਖ ਕਿਸਾਨੀ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਜਾਰੀ ਰੱਖਣ, ਸ਼ਾਹਪੁਰ ਕੰਢੀ ਪ੍ਰਾਜੈਕਟ ਦੀ ਉਸਾਰੀ ਲਈ 2286 ਕਰੋੜ ਰੁਪਏ ਖ਼ਰਚ ਕਰਨ, ਪਟਿਆਲਾ ਫ਼ੀਡਰ ਕੋਟਲਾ ਬਰਾਂਚ ਨਹਿਰ ਦਾ ਪੁਨਰ ਨਿਰਮਾਣ 200 ਕਰੋੜ ਦੀ ਲਾਗਤ ਅਤੇ 462 ਕਰੋੜ ਦੀ ਲਾਗਤ ਨਾਲ ਬਿਸਤ ਦੋਆਬ ਨਹਿਰ ਦੇ ਪੁਨਰ ਨਿਰਮਾਣ ਬਾਰੇ ਵੀ ਰਾਜਪਾਲ ਨੇ ਅਪਣੇ ਭਾਸ਼ਨ ਵਿਚ ਦਸਿਆ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਵਲੋਂ ਤਿਆਰ ਕੀਤੇ ਇਸ ਭਾਸ਼ਨ ਵਿਚ ਅਤਿਵਾਦ ਨਾਲ ਜੂਝਣ ਦਾ ਸਮਾਂ ਸਿਰਫ਼ ਇਕ ਦਹਾਕਾ ਹੀ ਦਸਿਆ ਹੈ ਜਦਕਿ ਇਹ ਕਾਲਾ ਦੌਰ ਦੋ ਦਹਾਕੇ ਤੋਂ ਵੱਧ ਸਮੇਂ ਤਕ ਚਲਿਆ ਜਿਸ ਵਿਚ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਗਈਆਂ।
Free Electricity
ਇਸ ਭਾਸ਼ਨ ਦੇ 10ਵੇਂ ਪੈਰੇ ਵਿਚ ਸਿਰਫ਼ ਦੋ ਫ਼ਿਕਰੇ ਹੀ ਦਰਿਆਈ ਪਾਣੀਆਂ ਦੀ ਸੰਭਾਲ ਲਈ ਸਰਕਾਰ ਵਚਨਬੱਧ ਅਤੇ ਰਾਵੀ, ਬਿਆਸ, ਸਤਲੁਜ ਦੇ ਪਾਣੀਆਂ ਨੂੰ ਕਿਸੇ ਗ਼ੈਰ ਦਰਿਆਈ ਖੇਤਰ ਵਾਲੇ ਸੂਬੇ ਨੂੰ ਨਹੀਂ ਦਿਤਾ ਜਾਵੇਗਾ, ਸ਼ਾਮਲ ਹਨ। ਜਦਕਿ ਭਾਸ਼ਨ ਵਿਚ ਨਾ ਤਾਂ ਰਾਜਧਾਨੀ ਚੰਡੀਗੜ੍ਹ ਨੂੰ ਲੈਣ ਲਈ ਹੱਕ ਜਤਾਇਆ ਗਿਆ ਅਤੇ ਨਾ ਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਬਾਰੇ ਚਰਚਾ ਹੈ। ਭਾਸ਼ਨ ਦੇ 13ਵੇਂ ਸਫ਼ੇ 'ਤੇ 39ਵੇਂ ਪੈਰੇ ਵਿਚ ਰਾਜਪਾਲ ਨੇ ਪੜ੍ਹਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਦੇ ਨਾਲ-ਨਾਲ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਕੌਮਾਤਰੀ ਭਾਸ਼ਾਵਾਂ ਸਿੱਖਣ ਲਈ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਸਰਕਾਰ 780 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕਿੱਤਾ ਮੁਖੀ ਸਿਖਲਾਈ, 42812 ਪ੍ਰਾਈਮਰੀ ਟੀਚਰਾਂ, 29874 ਮਿਡਲ ਅਧਿਆਪਕਾਂ ਅਤੇ 17958 ਅਧਿਆਪਕਾਵਾਂ ਨੂੰ ਨਵੀਂਆਂ ਤਕਨੀਕਾਂ ਦੀ ਸਿਖਲਾਈ ਦੇ ਰਹੀ ਹੈ। ਰਾਜਪਾਲ ਨੇ ਕਿਹਾ ਕਿ ਅਗਲੇ ਸਾਲ ਇਕ ਮੈਡੀਕਲ ਕਾਲਜ ਮੁਹਾਲੀ ਵਿਚ, ਇਕ ਸਕਿੱਲ ਯੂਨੀਵਰਸਟੀ ਚਮਕੌਰ ਸਾਹਿਬ ਵਿਚ ਅਤੇ ਪੰਜ ਨਵੇਂ ਡਿਗਰੀ ਕਾਲਜ ਕਲਾਨੌਰ, ਲੁਧਿਆਣਾ, ਮਲੋਟ, ਨਵਾਂ ਸ਼ਹਿਰ ਅਤੇ ਖਡੂਰ ਸਾਹਿਬ ਵਿਚ ਖੋਲ੍ਹੇ ਜਾਣਗੇ। ਇਸ ਭਾਸ਼ਨ ਵਿਚ ਜ਼ਿਆਦਾਤਰ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਜ਼ਿਕਰ ਸੀ ਅਤੇ ਘਰ-ਘਰ ਰੁਜ਼ਗਾਰ ਤਹਿਤ, ਪ੍ਰਾਈਵੇਟ ਅਦਾਰਿਆਂ ਵਲੋਂ ਨਵੇਂ ਤਕਨੀਕੀ ਵਿਦਿਆਰਥੀਆਂ ਨੂੰ ਦਿਤੀਆਂ ਜਾ ਰਹੀਆਂ ਆਰਜ਼ੀ ਨੌਕਰੀਆਂ ਦਾ ਜ਼ਿਕਰ ਸੀ। ਸਾਲਾਨਾ ਉਤਸਵਾਂ ਅਤੇ ਮੇਲਿਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਨਵੰਬਰ 2019 ਵਿਚ ਮਨਾਉਣ ਲਈ ਪੜ੍ਹਦਿਆਂ 'ਗੁਰੂ ਗੋਬਿੰਦ ਸਿੰਘ' ਦਾ 550ਵਾਂ ਉਤਸਵ ਕਹਿ ਦਿਤਾ। ਗ਼ਲਤੀ ਨੂੰ ਸੁਧਾਰਨ ਲਈ ਸਕੱਤਰ ਨੇ ਜਾ ਕੇ ਸਪੀਕਲ ਕੋਲ ਕਿਹਾ ਪਰ ਰਾਜਪਾਲ ਵੀਪੀ ਸਿੰਘ ਨੇ ਅਖ਼ੀਰ ਤਕ ਇਸ ਵਿਚ ਸੋਧ ਨਹੀਂ ਕੀਤੀ। ਰਾਜਪਾਲ ਨੇ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਵੀ ਅੰਗਰੇਜ਼ੀ ਵਿਚ ਗ਼ਲਤ ਹੀ ਪੜ੍ਹਿਆ ਅਤੇ ਇਕ ਦੋ ਕਸਬਿਆਂ ਦੇ ਨਾਂ ਵੀ ਠੀਕ ਨਹੀਂ ਬੋਲੇ। ਲਿਖਤੀ ਭਾਸ਼ਨ ਦੀ ਰਾਜਪਾਲ ਵਾਲੀ ਕਾਪੀ ਅਤੇ ਮੈਂਬਰਾਂ ਨੂੰ ਦਿਤੀ ਗਈ ਕਾਪੀ ਵਿਚ ਪਹਿਲੀ ਲਾਈਨ ਵਿਚ ਵੀ ਫ਼ਰਕ ਸੀ ਕਿਉਂਕਿ ਰਾਜਪਾਲ ਨੇ ਸ਼ੁਰੂ ਵਿਚ ਤੀਜੇ ਨਵਰਾਤਰੇ ਦੇ ਸ਼ਬਦ ਵਰਤੇ ਜੋ ਪ੍ਰਿੰਟ ਕਾਪੀ ਵਿਚ ਨਹੀਂ ਸਨ। ਅਕਾਲੀ-ਭਾਜਪਾ ਗਠਜੋੜ ਦੇ 18 ਵਿਧਾਇਕਾਂ ਨੇ ਅੱਜ ਸਵੇਰੇ ਦੀ ਬੈਠਕ ਅਤੇ ਬਾਅਦ ਦੁਪਹਿਰ ਦੋ ਵਜੇ ਸ਼ਰਧਾਂਜਲੀਆਂ ਦੇਣ ਵਾਲੇ ਸਦਨ ਦਾ ਬਾਈਕਾਟ ਕੀਤਾ। ਜਦ ਰਾਜਪਾਲ ਨੇ ਰਾਸ਼ਟਰੀ ਗੀਤ ਤੋਂ ਬਾਅਦ 11 ਵਜੇ ਭਾਸ਼ਨ ਸ਼ੁਰੂ ਕੀਤਾ ਤਾਂ ਪੰਜ ਮਿੰਟ ਉਪਰੰਤ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਖੜੇ ਹੋ ਕੇ ਉੱਚੀ ਉੱਚੀ ਕੁੱਝ ਬੋਲਿਆ, ਭਾਸ਼ਨ ਦੀ ਕਾਪੀ ਤੇ ਹੋਰ ਕਾਗਜ਼ ਲਹਿਰਾਏ ਅਤੇ ਅਪਣੇ ਸਾਥੀਆਂ 'ਆਪ' ਦੇ ਵਿਧਾਇਕਾਂ ਸਮੇਤ ਬੈਂਸ ਭਰਾਵਾਂ ਨਾਲ ਸਦਨ ਵਿਚੋਂ ਨਾਹਰੇ ਲਾਉਂਦੇ ਹੋਏ ਵਾਕ ਆਊਟ ਕਰ ਗਏ। ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਅਤੇ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾ ਬਾਹਰ ਨਹੀਂ ਗਏ। ਉਨ੍ਹਾਂ ਦੋਹਾਂ ਨੇ ਅਖ਼ੀਰ ਤਕ ਰਾਜਪਾਲ ਦਾ ਭਾਸ਼ਨ ਸੁਣਿਆ। ਉਨ੍ਹਾਂ ਦਾ ਕਹਿਣਾ ਸੀ ਕਿ ਖਹਿਰਾ ਵਲੋਂ ਸਦਨ ਵਿਚੋਂ ਬਾਹਰ ਜਾਣਾ ਠੀਕ ਨਹੀਂ ਹੈ। ਇਸ ਤਰ੍ਹਾਂ ਬੈਂਸ ਭਰਾ, ਦੋਵੇਂ ਵਿਧਾਇਕ ਵੀ 15 ਮਿੰਟ ਬਾਹਰ ਰਹਿਣ ਮਗਰੋਂ ਫਿਰ ਸਦਨ ਵਿਚ ਆ ਗਏ ਅਤੇ ਉਨ੍ਹਾਂ ਰਾਜਪਾਲ ਦਾ ਭਾਸ਼ਨ ਸੁਣਿਆ।