ਰਣਜੀਤ ਸਿੰਘ ਨੂੰ ਮਿਲ ਪਰਿਵਾਰ ਤੇ ਪਿੰਡ ਵਾਸੀ ਹੋਏ ਭਾਵੁਕ
ਨਵਾਂ ਸ਼ਹਿਰ: ਕਿਸਾਨੀ ਸੰਘਰਸ਼ ਦੇ ਚਲਦਿਆਂ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨ ਰਣਜੀਤ ਸਿੰਘ ਨੂੰ 17 ਮਾਰਚ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਸੀ। ਰਣਜੀਤ ਸਿੰਘ ਤਿਹਾੜ ਜੇਲ੍ਹ ‘ਚੋਂ ਰਿਆਅ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਨਵਾਂ ਸ਼ਹਿਰ ਦੇ ਪਿੰਡ ਕਾਜਮਪੁਰ ਪਹੁੰਚਿਆ ਜਿੱਥੇ ਰਣਜੀਤ ਸਿੰਘ ਦੇ ਪਿੰਡ ਪਹੁੰਚਣ ‘ਤੇ ਭਰਵਾਂ ਸਵਾਗਤ ਹੋਇਆ ।
ਜੇਲ੍ਹ ‘ਚੋਂ ਰਿਹਾਅ ਹੋਣ ਤੋਂ ਬਾਅਦ ਰਣਜੀਤ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਿਆ ਜਿੱਥੇ ਰਣਜੀਤ ਸਿੰਘ ਦੀ ਮਾਤਾ ਤੇ ਬਾਕੀ ਪਰਿਵਾਰ ਰਣਜੀਤ ਨੂੰ ਮਿਲਕੇ ਭਾਵੁਕ ਹੋ ਗਏ। ਉਧਰ ਰਣਜੀਤ ਸਿੰਘ ਪਿੰਡ ਪਹੁੰਚਣ ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ। ਜਿਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਰਣਜੀਤ ਸਿੰਘ ਦੇ ਨਾਲ ਮੌਜੂਦ ਸਨ।
ਦੱਸ ਦੇਈਏ ਕਿ ਜੇਲ੍ਹ ’ਚੋਂ ਰਿਹਾਈ ਹੋਣ ਉਪਰੰਤ ਰਣਜੀਤ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਸਨ।
ਉਹਨਾਂ ਨੇ ਕਿਸਾਨੀ ਸੰਘਰਸ਼ ਦੀ ਚੜਦੀਕਲਾ ਲਈ ਅਰਦਾਸ ਵੀ ਕੀਤੀ ਸੀ। ਇਸ ਦੇ ਨਾਲ ਹੀ ਰਣਜੀਤ ਸਿੰਘ ਨੇ ਜੇਲ੍ਹ ਵਿਚੋਂ ਬਾਹਰ ਆਉਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਸੀ। ਇਸ ਮੌਕੇ ਕਿਸਾਨ ਸੰਘਰਸ਼ ਦੌਰਾਨ ਤਸ਼ਦੱਦਾਂ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਨੌਜਵਾਨ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਸੀ।