
ਬਿੱਟੂ ਨੇ ਕਿਹਾ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਸਮਾਂ ਦਿੱਤਾ
ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਗੁਰੂ ਦਾ ਸੱਚਾ ਸਿੱਖ ਹੁੰਦਾ ਤਾਂ ਉਸ ਨੂੰ ਮੈਦਾਨ ਛੱਡ ਕੇ ਭੱਜਣ ਦੀ ਲੋੜ ਨਹੀਂ ਸੀ ਪੈਣੀ। ਹੁਣ ਉਸ ਦੀ ਅਸਲੀਅਤ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦਾ ਮਕਸਦ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਸੀ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਗੱਲਾਂ ਗ੍ਰਿਫ਼ਤਾਰੀ ਦੇਣ ਦੀਆਂ ਕਰਦਾ ਸੀ ਅਤੇ ਹੁਣ ਸਕੂਟੀ 'ਤੇ ਭੱਜ ਗਿਆ।
ਇਹ ਵੀ ਪੜ੍ਹੋ: ਦਿੱਲੀ ਵਿਚ ਹੋਈ ਕਿਸਾਨ ਮਹਾਪੰਚਾਇਤ, SKM ਨੇ ਕਿਹਾ, “2020 ਤੋਂ ਵੀ ਵੱਡਾ ਅੰਦੋਲਨ ਕਰਨ ਲਈ ਤਿਆਰ ਰਹਿਣ ਕਿਸਾਨ”
ਬਿੱਟੂ ਨੇ ਕਿਹਾ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਸਮਾਂ ਦਿੱਤਾ, ਉਸ ਨੇ ਪੁਲਿਸ ਸਟੇਸ਼ਨ ਉੱਤੇ ਹਮਲਾ ਵੀ ਕੀਤਾ। ਇਸ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਸੰਭਲਣ ਲਈ ਇਕ ਮਹੀਨਾ ਦਿੱਤਾ ਪਰ ਉਹ ਨਹੀਂ ਰੁਕਿਆ। ਉਹਨਾਂ ਨੇ ਬੂਲਟ ਪਰੂਫ ਜੈਕਟਾਂ ਲੈ ਲਈਆਂ ਅਤੇ ਅਨੰਦਪੁਰ ਖਾਲਸਾ ਫੋਰਸ ਬਣਾਈ ਲਈ। ਇਕੱਲੇ ਦਲਜੀਤ ਕਲਸੀ ਕੋਲ 35 ਕਰੋੜ ਰੁਪਏ ਦੀ ਫੰਡਿੰਗ ਆਈ। ਰਵਨੀਤ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਨਸ਼ਾ ਛੁਡਾਉਣ ਦੇ ਨਾਂਅ ’ਤੇ ਬੰਦੇ ਇਕੱਠੇ ਕੀਤੇ, ਉਸ ਦਾ ਮਕਸਦ ਇਹਨਾਂ ਨੂੰ ਰਾਈਫਲਾਂ ਚੁੱਕਵਾ ਕੇ ਮਰਜੀਵੜੇ ਬਣਾਉਣਾ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਬਹਿਸ ਮੁਕੰਮਲ
ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਕਹਿੰਦਾ ਸੀ ਕਿ ਪੁਲਿਸ ਜਦੋਂ ਮਰਜ਼ੀ ਉਸ ਨੂੰ ਗ੍ਰਿਫ਼ਤਾਰ ਕਰ ਲਵੇ, ਉਹ ਕੁਰਬਾਨੀ ਦੇਣ ਲਈ ਤਿਆਰ ਹੈ ਪਰ ਜਦੋਂ ਪੁਲਿਸ ਫੜਨ ਗਈ ਤਾਂ ਉਹ ਭੱਜ ਗਿਆ। ਉਹਨਾਂ ਕਿਹਾ ਕਿ ਮਾਝੇ ਵਾਲੇ ਕਦੇ ਨਹੀਂ ਭੱਜਦੇ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਕੂਟੀ ਉੱਤੇ ਭੱਜਿਆ ਹੈ। ਉਹਨਾਂ ਕਿਹਾ ਕਿ ਪੁਲਿਸ ਪੰਜਾਬ ਦੇ ਸਾਰੇ ਬਾਥਰੂਮ ਚੈੱਕ ਕਰੇ, ਅੰਮ੍ਰਿਤਪਾਲ ਕੀਤੇ ਉਹਨਾਂ 'ਚ ਹੀ ਲੁਕਿਆ ਮਿਲੇਗਾ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦੀ ਤਲਾਸ਼ੀ ਦੌਰਾਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਹੜੇ ਐਨਆਰਆਈਜ਼ ਇਹਨਾਂ ਨੂੰ ਪੈਸੇ ਭੇਜਦੇ ਸੀ, ਹੁਣ ਉਹ ਕਿਸਾਨਾਂ ਦੀਆਂ ਖ਼ਰਾਬ ਫਸਲਾਂ ਦਾ ਮੁਆਵਜ਼ਾ ਭੇਜਣ। ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਰਵਾਈ ਕਰਕੇ ਚੰਗਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਰਾਹੁਲ ਗਾਂਧੀ ’ਤੇ ਹਮਲਾ, “ਕਿੱਥੇ ਸਾਵਰਕਰ ਜੀ, ਕਿੱਥੇ ਰਾਹੁਲ ਗਾਂਧੀ…”
ਅੰਮ੍ਰਿਤਪਾਲ ਦੇ ਪੁਰਾਣੇ ਬਿਆਨ ਦਾ ਹਵਾਲਾ ਦਿੰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਜਿਸ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰਦਾ ਸੀ, ਉਸੇ ਕਾਨੂੰਨ ਤਹਿਤ ਉਸ ਦੇ ਵਕੀਲ ਨੇ ਛੁੱਟੀ ਵਾਲੇ ਦਿਨ ਪਟੀਸ਼ਨ ਪਾਈ। ਉਸੇ ਕਾਨੂੰਨ ਤਹਿਤ ਸੁਣਵਾਈ ਹੋਈ। ਰਵਨੀਤ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਭੱਜ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਸ ਨੇ ਸਿਰਫ਼ ‘ਸ਼ੇਰ’ ਦੀ ਖੱਲ ਪਾਈ ਸੀ। ਉਸ ਨੇ ਬਾਣੇ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਉਸ ਨੂੰ ਦੋ-ਤਿੰਨ ਦਿਨ ਵਿਚ ਜ਼ਰੂਰ ਫੜ ਲਿਆ ਜਾਵੇਗਾ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਪੁਲਿਸ ਕਮਜ਼ੋਰ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਕਿਸੇ ਨਿਹੱਥੇ ਦਾ ਐਨਕਾਊਂਟਰ ਨਹੀਂ ਕਰ ਸਕਦੀ। ਪੰਜਾਬ ਪੁਲਿਸ ਬਹੁਤ ਬਹਾਦਰ ਹੈ।