
ਬਰਗਾੜੀ ਮੋਰਚੇ ਦੇ ਆਗੂਆਂ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਚੰਡੀਗੜ ਸਥਿਤ ਚੋਣ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਚੰਡੀਗੜ੍ਹ: ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ ਹੈ। ਬਰਗਾੜੀ ਮੋਰਚੇ ਦੇ ਆਗੂਆਂ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਚੰਡੀਗੜ ਸਥਿਤ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਤੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਨੂੰ ਐਸਆਈਟੀ ਵਿਚ ਮੁੜ ਬਹਾਲ ਕਰਨ ਦੀ ਮੰਗ ਕੀਤੀ।
Sikh Organizations protesting at Sector 17 Chandigarh to reinstate Kunwar Vijay Partap in SIT
ਚੋਣ ਕਮਿਸ਼ਨ ਕੋਲ ਪੁੱਜੇ ਵਫ਼ਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਸਨ। ਚੰਡੀਗੜ੍ਹ ਦੇ ਸੈਕਟਰ 17 ਸਥਿਤ ਪੰਜਾਬ ਦੇ ਮੁੱਖ ਚੋਣ ਦਫ਼ਤਰ ਨੇੜੇ ਉਕਤ ਸਿੱਖ ਆਗੂਆਂ ਨੇ ਸ਼ਾਂਤੀਪੂਰਨ ਰੋਸ ਧਰਨਾ ਵੀ ਦਿਤਾ।
ਇਸ ਤੋਂ ਪਹਿਲਾਂ ਧਿਆਨ ਸਿੰਘ ਮੰਡ ਵੱਲੋਂ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਪੰਥਕ ਆਗੂਆਂ ਅਤੇ 16 ਅਪਰੈਲ ਨੂੰ ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰਨਾਂ ਦਲਾਂ ਦੇ ਸਾਂਝੇ ਵਫ਼ਦ ਨੇ ਦਿੱਲੀ ’ਚ ਮੁੱਖ ਚੋਣ ਕਮਿਸ਼ਨਰ ਨੂੰ ਕੁੰਵਰ ਵਿਜੇ ਪ੍ਰਤਾਪ ਬਾਰੇ ਕੀਤਾ ਫ਼ੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਸੀ। ਪੰਥਕ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਬਹੁਤ ਹੀ ਇਮਾਨਦਾਰੀ ਦੇ ਨਾਲ ਇਹ ਜਾਂਚ ਕਰ ਰਹੇ ਸਨ ਤੇ ਉਹ ਜਾਂਚ ਨੂੰ ਬਹੁਤ ਨੇੜੇ ਲੈ ਗਏ ਸਨ
ਜਿਸ ਕਰਕੇ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਸੀ ਪਰ ਜਾਂਚ ਟੀਮ ਦੇ ਮੁਖੀ ਦੀ ਬਦਲੀ ਨਾਲ ਪੀੜਤਾਂ ਨੂੰ ਕਾਫ਼ੀ ਨਿਰਾਸ਼ਾ ਹੋਈ ਹੈ। ਇਸ ਲਈ ਫ਼ੈਸਲੇ ਉਤੇ ਮੁੜ ਵਿਚਾਰ ਕੀਤਾ ਜਾਵੇ।