
ਇਸ ਸਾਲ ਏਮਜ਼ ਐਮਬੀਬੀਐਸ ਪ੍ਰੀਖਿਆ ਵਿਚ ਪੂਰੇ ਦੇਸ਼ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੰਗਰੂਰ ਦੀ 17 ਸਾਲਾ ਏਲੀਜ਼ਾ ਬੰਸਲ ਨੇ ਕਿਹਾ ਕਿ......
ਚੰਡੀਗੜ੍ਹ : ਇਸ ਸਾਲ ਏਮਜ਼ ਐਮਬੀਬੀਐਸ ਪ੍ਰੀਖਿਆ ਵਿਚ ਪੂਰੇ ਦੇਸ਼ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੰਗਰੂਰ ਦੀ 17 ਸਾਲਾ ਏਲੀਜ਼ਾ ਬੰਸਲ ਨੇ ਕਿਹਾ ਕਿ ਉਹ ਦਿੱਲ ਦੀ ਮਾਹਰ ਡਾਕਟਰ ਬਣ ਕੇ ਅਪਣੇ ਗ੍ਰਹਿ ਨਗਰ ਲਹਿਰਾਗਾਗਾ ਵਿਚ ਹੀ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਜਿਥੇ ਡਾਕਟਰਾਂ ਦੀ ਭਾਰੀ ਘਾਟ ਹੈ। ਅਪਣੀ ਧੀ ਦੀ ਵਧੀਆ ਕਾਰਗੁਜ਼ਾਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਲੀਜ਼ਾ ਬੰਸਲ ਦੇ ਪਿਤਾ ਵਿਜੈ ਕੁਮਾਰ ਨੇ ਕਿਹਾ ਕਿ ਏਲੀਜ਼ਾ ਲਹਿਰਾਗਾਗਾ ਵਿਚ ਹੀ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਕੋਈ ਮਾਹਰ ਡਾਕਟਰ ਨਹੀਂ ਹੈ ਜਿਸ ਕਾਰਨ ਇਥੋਂ ਦੇ ਲੋਕਾਂ ਨੂੰ ਅਪਣੇ ਇਲਾਜ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ। ਸੰਗਰੂਰ ਦੇ ਸਰਕਾਰੀ ਸਕੂਲ ਵਿਚ ਅਰਥਸ਼ਾਸਤਰ ਦੇ ਅਧਿਆਪਕ ਵਿਜੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਰੋਜ਼ਾਨਾ ਸੱਤ ਤੋਂ ਅੱਠ ਘੰਟੇ ਪੜ੍ਹਾਈ ਕਰਦੀ ਸੀ। ਏਲੀਜ਼ਾ ਸੋਸ਼ਲ ਮੀਡੀਆ ਤੋਂ ਦੂਰ ਸੀ ਅਤੇ ਸਿਰਫ਼ ਪੜ੍ਹਾਈ ਦੇ ਮਕਸਦ ਲਈ ਹੀ ਮੋਬਾਈਲ ਦੀ ਵਰਤੋਂ ਕਰਦੀ ਸੀ। ਏਲੀਜ਼ਾ ਬੰਸਲ ਨੇ ਨੀਟ ਵਿਚ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ 196ਵਾਂ ਸਥਾਨ ਹਾਸਲ ਕੀਤਾ ਸੀ।
ਏਲੀਜ਼ਾ ਨੇ ਏਮਜ਼ ਪ੍ਰੀਖਿਆ ਵਿਚ ਬਾਇਓਲਾਜੀ ਅਤੇ ਫ਼ਿਜ਼ਿਕਸ ਵਿਚ 100 ਫ਼ੀ ਸਦੀ ਅੰਕ ਹਾਸਲ ਕੀਤੀ ਜਦਕਿ ਕੈਮਿਸਟਰੀ ਵਿਚ 99.94 ਫ਼ੀ ਸਦੀ ਅਤੇ ਜਨਰਲ ਨਾਲੇਜ ਵਿਚ 97.87 ਫ਼ੀ ਸਦੀ ਅੰਕ ਹਾਸਲ ਕੀਤੇ। ਏਲੀਜ਼ਾ ਬੰਸਲ ਦੀ ਹੀ ਤਰ੍ਹਾਂ ਏਮਜ਼ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਬਠਿੰਡਾ ਦੀ ਰਮਨੀਕ ਕੌਰ ਮਾਹਲ ਨੇ ਦੂਜਾ ਅਤੇ ਮੋਹਾਲੀ ਦੇ ਮਨਰਾਜ ਸਿੰਘ ਸਰਾ ਨੇ ਚੌਥਾ ਸਥਾਨ ਹਾਸਲ ਕੀਤਾ। (ਪੀ.ਟੀ.ਆਈ.)