
ਇਲਾਜ਼ ਦੇ ਬਹਾਨੇ ਹਵਾਲਾਤੀ ਪੁਲਿਸ ਅਧਿਕਾਰੀ ਪਹੁੰਚਿਆ ਘਰ
ਰੂਪਨਗਰ- ਅਪਰਾਧਿਕ ਮਾਮਲਿਆਂ ਦੇ ਚਲਦੇ ਦੋਸ਼ੀਆਂ ਨੂੰ ਸਜਾ ਕੱਟਣ ਲਈ ਸੁਧਾਰ ਘਰਾਂ ਵਿਚ ਭੇਜ ਦਿੱਤਾ ਜਾਂਦਾ ਹੈ, ਪਰ ਇਨ੍ਹਾਂ ਸੁਧਾਰ ਘਰਾਂ ਵਿਚ ਸਿਰਫ਼ ਆਮ ਵਿਅਕਤੀ ਹੀ ਸਜਾ ਕੱਟਦੇ ਹਨ ਜਦਕਿ ਸਜ਼ਾਯਾਫ਼ਤਾ ਪੁਲਿਸ ਮੁਲਾਜ਼ਮ ਰਾਜਿਆਂ ਦੀ ਜ਼ਿੰਦਗੀ ਜਿਉਂਦੇ ਹਨ। ਇਸਦਾ ਪ੍ਰਮਾਣ ਇਨ੍ਹਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਪੰਜਾਬ ਦਾ ਸਬ ਇੰਸਪੈਕਟਰ ਸੰਤੋਖ ਸਿੰਘ ਜੋ ਇੱਕ ਪੁਲਿਸ ਸਿਪਾਹੀ ਕਰਮਜੀਤ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਵਿਚ ਹਵਾਲਾਤੀ ਦੇ ਤੌਰ 'ਤੇ ਬੰਦ ਹੈ।
ਬੇਸ਼ੱਕ ਸੰਤੋਖ ਸਿੰਘ ਹਵਾਲਾਤੀ ਦੇ ਤੌਰ 'ਤੇ ਰੂਪਨਗਰ ਦੇ ਸੁਧਾਰ ਘਰ ਵਿਚ ਬੰਦ ਹੈ ਪਰ ਇਹ ਜੇਲ੍ਹ ਵਿਚ ਬਾਕੀਆਂ ਕੈਦੀਆਂ ਵਾਂਗ ਨਹੀਂ ਰਹਿ ਰਿਹਾ ਸਗੋਂ ਆਪਣੇ ਘਰ ਵਿਚ ਆਪਣੇ ਪਰਿਵਾਰ ਨਾਲ ਮੌਜਾਂ ਮਾਣ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਡਾਕਟਰ ਮੋਹਿਤ ਕੁਮਾਰ ਵੱਲੋਂ ਰੂਪ ਨਗਰ ਜੇਲ੍ਹ ਦੇ ਹਵਾਲਾਤੀਆਂ ਦਾ ਚੈੱਕਅੱਪ ਕੀਤਾ ਗਿਆ ਤਾ ਉਸਨੇ 9 ਹਵਾਲਾਤੀਆਂ ਨੂੰ ਇਲਾਜ ਲਈ ਜੇਲ੍ਹ ਤੋਂ ਬਾਹਰ ਭੇਜਿਆ ਗਿਆ।
ਜਿਸ ਤੋਂ ਬਾਅਦ 18 ਜੂਨ ਨੂੰ ਰੂਪਨਗਰ ਜੇਲ੍ਹ ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਹਵਾਲਾਤੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਪਰ ਆਪਣੇ ਅਫ਼ਸਰ ਸੰਤੋਖ ਸਿੰਘ ਨੂੰ ਘਰ ਛੱਡ ਦਿੱਤਾ ਜਿਥੇ ਸੰਤੋਖ ਸਿੰਘ ਰਾਜਿਆਂ ਦੀ ਜਿੰਦਗੀ ਜਿਉਂ ਰਿਹਾ ਹੈ। ਉਧਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸੰਤੋਖ ਸਿੰਘ ਇਲਾਜ ਦਾ ਬਹਾਨਾ ਬਣਾ ਆਪਣੇ ਘਰ ਵਿਚ ਐਸ਼ ਕਰ ਰਿਹਾ ਹੈ।
ਉਧਰ ਰੂਪਨਗਰ ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਆਹਲਾ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਕਰਵਾਈ ਜਾ ਰਹੀ ਹੈ। ਹੁਣ ਦੇਖਣਾ ਇਹ ਹੈ ਪੁਲਿਸ ਦੀ ਜਾਂਚ ਕਦੋ ਪੂਰੀ ਹੁੰਦੀ ਹੈ ਤੇ ਕਾਨੂੰਨ ਦੀਆਂ ਅੱਖਾਂ ਵਿਚ ਮਿੱਟੀ ਪਾ ਰਾਜਿਆਂ ਦੀ ਜਿੰਦਗੀ ਬਤੀਤ ਕਰ ਰਹੇ ਇਸ ਪੁਲਿਸ ਅਧਿਕਾਰੀ ਤੇ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖੋ ਵੀਡੀਓ....