
ਡਿਪਟੀ ਕਮਿਸ਼ਨਰ ਨੇ ਕਿਹਾ: ਧਾਰਮਕ ਸਥਾਨ ਅਤੇ ਲਾਂਘਾ ਬਿਲਕੁਲ ਸੁਰੱਖਿਅਤ
ਗੁਰਦਾਸਪੁਰ: ਜ਼ਿਲ੍ਹੇ ਵਿਚ ਉੱਜ ਅਤੇ ਰਾਵੀ ਦਰਿਆ ਦੇ ਪਾਣੀ ਦਾ ਪਧਰ ਤਬਾਹੀ ਮਚਾ ਰਿਹਾ ਹੈ। ਧੁੱਸੀ ਬੰਨ੍ਹ ਟੁੱਟਣ ਕਾਰਨ ਡੇਰਾ ਬਾਬਾ ਨਾਨਕ ਨੇੜੇ ਕਰਤਾਰਪੁਰ ਲਾਂਘੇ ਨੂੰ ਜਾਣ ਵਾਲੇ ਰਸਤੇ ਵਿਚ ਰਾਵੀ ਦਰਿਆ ਦਾ ਪਾਣੀ ਭਰ ਗਿਆ ਹੈ। ਅਜਿਹੇ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਫਿਲਹਾਲ ਤਿੰਨ ਦਿਨ ਲਈ ਰੋਕ ਲਗਾ ਦਿਤੀ ਗਈ ਹੈ।
ਇਹ ਵੀ ਪੜ੍ਹੋ: ਬਹੁਚਰਚਿਤ ਏਅਰ ਹੋਸਟੈੱਸ ਖ਼ੁਦਕੁਸ਼ੀ ਮਾਮਲਾ : ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਅੱਜ ਹੋਵੇਗੀ ਸੁਣਵਾਈ
ਪਾਕਿਸਤਾਨ ਵਾਲੇ ਪਾਸੇ ਤੋਂ ਰਾਵੀ ਦਰਿਆ ਦਾ ਪਾਣੀ ਕਰਤਾਰਪੁਰ ਲਾਂਘੇ ਦੇ ਨਾਲ ਧੁੱਸੀ ਬੰਨ੍ਹ ਵੱਲ ਜਾਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸਰਕਾਰ ਪਾਕਿਸਤਾਨੀ ਅਥਾਰਟੀ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਾਣੀ ਅਤੇ ਰਸਤੇ ਵਿਚ ਪੈ ਰਹੇ ਰਾਵੀ ਦੇ ਪਾਣੀ ਦੀ ਰਿਪੋਰਟ ਲੈ ਰਹੀ ਹੈ।
ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ ਸੂਬਾ ਸਰਕਾਰ - CM ਮਾਨ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਸਿਆ ਕਿ ਰਾਵੀ ਦਰਿਆ ਵਿਚ ਪਾਣੀ ਦਾ ਪਧਰ ਵਧਣ ਦੇ ਬਾਵਜੂਦ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਹੁੰਚੀਆਂ ਸੰਗਤਾਂ ਨੂੰ ਦੂਰੋਂ ਹੀ ਦਰਸ਼ਨ ਕਰਵਾਏ ਗਏ। ਡੀ.ਸੀ. ਨੇ ਦਸਿਆ ਸੰਗਤਾਂ ਨੂੰ ਕੋਈ ਇਤਰਾਜ਼ ਨਹੀਂ ਹੈ ਅਤੇ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੀਆਂ ਹਨ। ਇਸ ਤੋਂ ਇਲਾਵਾ ਯਾਤਰਾ ਨੂੰ 3 ਦਿਨ ਲਈ ਮੁਲਤਵੀ ਕਰਨ ਦੀ ਸਿਫਾਰਿਸ਼ ਭੇਜ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਸਥਿਤੀ 'ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਣੀਪੁਰ ਵੀਡੀਓ ਮਾਮਲੇ 'ਤੇ ਸਰਕਾਰ ਚੁੱਪ ਰਹੀ ਤਾਂ ਅਸੀਂ ਕਰਾਂਗੇ ਕਾਰਵਾਈ : ਸੁਪਰੀਮ ਕੋਰਟ
ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਪੂਰੇ ਪੰਜਾਬ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉੱਜ ਦਰਿਆ ਤੋਂ 2.60 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਰਾਵੀ ਦਰਿਆ ਵਿਚ ਪਾਣੀ ਦਾ ਪਧਰ ਕਾਫੀ ਵੱਧ ਗਿਆ ਹੈ, ਜਿਸ ਕਾਰਨ ਮਕੌੜਾ ਪੱਤਣ ਅਤੇ ਡੇਰਾ ਬਾਬਾ ਨਾਨਕ ਦੇ ਧਰਮਕੋਟ ਪੱਤਣ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਫ਼ੌਜ ਅਤੇ ਬੀ.ਐਸ.ਐਫ਼ ਵਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਕਰਤਾਰਪੁਰ ਲਾਂਘੇ ਦੇ ਨੇੜੇ ਪੈਂਦੀਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਖੇਤਾਂ ਵਿਚ ਪਹੁੰਚ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।