
ਬਰਗਾੜੀ ਦੇ ਇਨਸਾਫ ਮੋਰਚੇ 'ਚ 80ਵੇਂ ਦਿਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੀਰਤਨ ਦੀਵਾਨ ਸਜਾਏ ਅਤੇ ਗੁਰਬਾਣੀ ਇਤਿਹਾਸ 'ਤੇ ਚਾਨਣਾ ਪਾਉਂਦਿਆਂ............
ਕੋਟਕਪੂਰਾ : ਬਰਗਾੜੀ ਦੇ ਇਨਸਾਫ ਮੋਰਚੇ 'ਚ 80ਵੇਂ ਦਿਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੀਰਤਨ ਦੀਵਾਨ ਸਜਾਏ ਅਤੇ ਗੁਰਬਾਣੀ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਸੋਦਾ ਸਾਧ ਦੀ ਬਾਦਲਾਂ ਨਾਲ ਯਾਰੀ ਅਤੇ ਮਾਫੀਨਾਮੇ ਬਾਰੇ ਸੰਗਤਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾ ਬਾਦਲਾਂ ਦੀ ਪੰਥਵਿਰੋਧੀ ਸ਼ਕਤੀਆਂ ਨਾਲ ਦੋਸਤੀ ਦਾ ਜਿਕਰ ਕਰਦਿਆਂ ਦੱਸਿਆ ਕਿ ਬਾਦਲਾਂ ਨੇ ਪੰਥ ਦਾ ਨੁਕਸਾਨ ਕਰਨ ਵਾਲੇ ਗੁੰਡਾ ਅਨਸਰਾਂ ਦੀ ਪੁਸ਼ਤਪਨਾਹੀ ਹੀ ਨਾ ਕੀਤੀ ਬਲਕਿ ਉਨਾ ਨੂੰ ਅਕਾਲੀ ਦਲ 'ਚ ਉੱਚੇ ਅਹੁਦੇ ਦੇ ਕੇ ਨਿਵਾਜਿਆ।
ਉਨਾ ਬਰਗਾੜੀ ਬਹਿਬਲ ਦੀ ਤਰਾਂ ਕਰੀਬ 32 ਸਾਲ ਪਹਿਲਾਂ 1986 'ਚ ਵਾਪਰੇ ਨਕੋਦਰ ਕਾਂਡ ਦਾ ਜਿਕਰ ਕਰਦਿਆਂ ਦੱਸਿਆ ਕਿ ਉਸ ਸਮੇਂ ਵੀ ਨਕੋਦਰ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਗੁੰਡਾ ਅਨਸਰਾਂ ਨੇ ਅਗਨ ਭੇਂਟ ਕਰ ਦਿੱਤੇ ਸਨ ਤੇ ਇਨਸਾਫ ਮੰਗਦੇ 4 ਸਿੰਘਾਂ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਨਾ ਦੱਸਿਆ ਕਿ ਉਸ ਵੇਲੇ ਪੰਜਾਬ'ਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਸੀ ਤੇ ਉਸ ਸਮੇਂ ਬਣੇ ਜਾਂਚ ਕਮਿਸ਼ਨ ਨੇ ਇਕ ਸਾਲ ਬਾਅਦ ਜਾਂਚ ਪੂਰੀ ਕਰਕੇ ਰਿਪੋਰਟ ਸਰਕਾਰ ਨੂੰ ਸੋਂਪ ਦਿੱਤੀ ਪਰ ਅੱਜ ਤੱਕ ਉਹ ਜਾਂਚ ਰਿਪੋਰਟ ਜਨਤਕ ਨਹੀਂ ਹੋਈ।
ਬਾਦਲਾਂ ਦੀ ਸਰਕਾਰ 'ਚ ਨਕੋਦਰ ਕਾਂਡ ਦੇ ਕਥਿੱਤ ਦੋਸ਼ੀ ਮੰਨੇ ਜਾਂਦੇ ਪੁਲਿਸ ਅਧਿਕਾਰੀ ਇਜਹਾਰ ਆਲਮ ਨੂੰ ਅਕਾਲੀ ਦਲ ਬਾਦਲ 'ਚ ਮੀਤ ਪ੍ਰਧਾਨ ਬਣਾਇਆ ਗਿਆ ਤੇ ਉਸ ਦੀ ਪਤਨੀ ਨੂੰ ਵਿਧਾਇਕ ਬਣਾ ਕੇ ਮੁੱਖ ਪਾਰਲੀਮਾਨੀ ਸਕੱਤਰ ਨਾਲ ਨਿਵਾਜਿਆ ਗਿਆ। ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ, ਬਹਿਬਲ, ਕੋਟਕਪੂਰਾ 'ਚ ਵਾਪਰੀਆਂ ਘਟਨਾਵਾਂ ਦੇ ਨਾਲ-ਨਾਲ ਨਕੋਦਰ ਕਾਂਡ ਦੀ ਜਾਂਚ ਰਿਪੋਰਟ ਵੀ ਵਿਧਾਨ ਸਭਾ 'ਚ ਪੇਸ਼ ਕਰਕੇ ਸੱਚਾਈ ਦੁਨੀਆ ਸਾਹਮਣੇ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਪੁੱਜਣ ਵਾਲੇ ਪੰਥਕ ਕਾਫਲਿਆਂ ਨੂੰ ਜੀ ਆਇਆਂ ਆਖਿਆ ਗਿਆ।