
ਪਰਾਲੀ ਨਾ ਸਾੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਸੱਦਾ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਵਾਸੀਆਂ ਨੂੰ ਵਾਤਾਵਰਨ ਸੰਭਾਲ ਲਈ ਦਿਲ ਟੁੰਬਵੀਂ ਅਪੀਲ ਕੀਤੀ ਹੈ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹ ਬਠਿੰਡਾ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
Manpreet Singh Badal addressing during a public function at Bathinda
ਮਨਪ੍ਰੀਤ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'। ਉਨ੍ਹਾਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ, ਪਰ ਖੇਤੀਬਾੜੀ ਰਹਿੰਦ-ਖੂੰਹਦ ਸਾੜਨ ਨਾਲ ਹਵਾ ਪਲੀਤ ਹੁੰਦੀ ਹੈ, ਜਿਸ ਨੂੰ ਸਾਡੇ ਰਹਿਬਰ ਨੇ ਗੁਰੂ ਦਾ ਦਰਜਾ ਦਿੱਤਾ ਹੈ।
Stubble burning
ਵਿੱਤ ਮੰਤਰੀ ਨੇ ਕਿਹਾ, "ਜਦੋਂ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਵਾ, ਜਲ ਅਤੇ ਧਰਤੀ ਨੂੰ ਐਨਾਂ ਉੱਚਾ ਦਰਜਾ ਦਿੱਤਾ ਹੈ ਤਾਂ ਸਾਨੂੰ ਵੀ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਵਾਤਾਵਰਨ ਨੂੰ ਪਲੀਤ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਨਾ ਮੰਨ ਕੇ ਅਸੀਂ ਉਨ੍ਹਾਂ ਦੇ ਦਿਖਾਏ ਰਸਤੇ ਤੋਂ ਭਟਕ ਰਹੇ ਹਾਂ।"
Stubble burning
ਮਨਪ੍ਰੀਤ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਦੇਸ਼ ਵਿਦੇਸ਼ ਤੋਂ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ। ਉਨ੍ਹਾਂ ਕਿਹਾ, "ਪੰਜਾਬ ਤੇ ਪੰਜਾਬੀਅਤ ਦੇ ਸੱਭਿਆਚਾਰ ਮੁਤਾਬਕ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਉਨ੍ਹਾਂ ਦਾ ਸਿਰ ਝੁਕਾ ਕੇ, ਹੱਥ ਜੋੜ ਕੇ ਅਤੇ ਆਪਣੇ ਦਿਲ ਤੇ ਘਰਾਂ ਦੇ ਬੂਹੇ ਖੋਲ੍ਹ ਕੇ ਸਵਾਗਤ ਕਰਾਂਗੇ। ਸਾਨੂੰ ਇਸ ਪਵਿੱਤਰ ਮੌਕੇ ਮਹਿਮਾਨਾਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਾਉਣ ਦਾ ਵੀ ਅਹਿਦ ਲੈਣਾ ਚਾਹੀਦਾ ਹੈ।"
Stubble burning
ਮਨਪ੍ਰੀਤ ਬਾਦਲ ਨੇ ਕਿਹਾ, "ਖੇਤੀਬਾੜੀ ਰਹਿੰਦ-ਖੂੰਹਦ ਤੇ ਪਰਾਲੀ ਨਾ ਸਾੜਨ ਦਾ ਅਹਿਦ ਲੈ ਕੇ ਹੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ ਅਤੇ ਇਸ ਵਿੱਚ ਹੀ 'ਸਰਬੱਤ ਦੇ ਭਲੇ' ਦਾ ਸੰਦੇਸ਼ ਸ਼ਾਮਲ ਹੈ। ਇਸ ਰਸਤੇ 'ਤੇ ਚੱਲ ਕੇ ਪੰਜਾਬ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪਾਸਾਰ ਕਰਨ ਤੋਂ ਇਲਾਵਾ ਵਾਤਾਵਰਨ ਜਾਗਰੂਕਤਾ ਦੀ ਨਿਵੇਕਲੀ ਮਿਸਾਲ ਕਾਇਮ ਕਰ ਸਕਦੇ ਹਨ।"