
ਗੁਰਦੁਆਰਾ ਸਾਹਿਬ 'ਚ ਬੀਤੇ 16 ਸਾਲ ਤੋਂ ਸੇਵਾ ਕਰ ਰਹੇ ਹਨ
ਬਟਾਲਾ : ਨਜ਼ਦੀਕੀ ਪਿੰਡ ਮਰੜ ਦੇ ਵੱਡੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਵਾਸੀ ਪਿੰਡ ਮਰੜ ਨੇ ਇਸੇ ਪਿੰਡ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਹਰਪਾਲ ਸਿੰਘ 'ਤੇ ਉਸ ਨਾਲ ਕੁੱਟਮਾਰ ਅਤੇ ਗਾਲੀ ਗਲੋਚ ਕਰਨ ਤੇ ਦਾੜ੍ਹੀ ਪੁੱਟਣ ਦੇ ਗੰਭੀਰ ਦੋਸ਼ ਲਗਾਏ ਹਨ। ਭਰੀ ਪੰਚਾਇਤ ਵਿਚ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਅਤੇ ਹੋਰ ਮੋਹਤਬਰਾਂ ਵਿਅਕਤੀਆਂ ਦੀ ਮੌਜੂਦਗੀ ਵਿਚ ਪੀੜਤ ਭਾਈ ਮਨਜੀਤ ਸਿੰਘ ਨੇ ਦਾੜੀ ਦੇ ਪੁੱਟੇ ਹੋਏ ਰੋਮ ਵਿਖਾਉਂਦੇ ਦਸਿਆ ਕਿ ਉਹ ਇਸ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਬੀਤੇ 16 ਸਾਲ ਤੋਂ ਸੇਵਾ ਕਰ ਰਹੇ ਹਨ।
ਉਨ੍ਹਾਂ ਦਸਿਆ ਕਿ ਬੀਤੀ 17 ਅਗੱਸਤ ਨੂੰ ਸੰਗਰਾਂਦ ਦਾ ਦਿਹਾੜਾ ਹੋਣ ਕਾਰਨ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਭੋਗ ਪਾਏ ਜਾਣ ਉਪਰੰਤ ਸਾਰੀਆਂ ਸੰਗਤਾਂ ਦੇ ਜਾਣ ਦਾ ਸਮਾਂ ਹੋਇਆ ਤਾਂ ਠੀਕ ਉਸੇ ਵੇਲੇ ਹਰਪਾਲ ਸਿੰਘ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ ਅਤੇ ਕੁੱਝ ਬੋਲਦਾ ਹੋਇਆ ਬਾਹਰ ਨਿਸ਼ਾਨ ਸਾਹਿਬ ਕੋਲ ਖੜਾ ਹੋ ਕੇ ਮੇਰੇ ਪਰਵਾਰ ਜੋ ਗੁਰਦਵਾਰਾ ਸਾਹਿਬ ਵਿਖੇ ਹੀ ਇਕ ਪਾਸੇ ਬਣੇ ਮਕਾਨ ਵਿਚ ਰਹਿੰਦਾ ਹੈ, ਨੂੰ ਗਾਲੀ ਗਲੋਚ ਕਰਨ ਲੱਗਾ।
ਉਨ੍ਹਾਂ ਕਿਹਾ ਕਿ ਜਦੋਂ ਮੇਰੀ ਪਤਨੀ ਹਰਪਿੰਦਰ ਕੌਰ ਨੇ ਉਸ ਨੂੰ ਪੁਛਿਆ ਕਿ ਤੂੰ ਗਾਲਾਂ ਕਿਸਨੂੰ ਕੱਢ ਰਿਹਾ ਹੈ ਤਾਂ ਉਸ ਨੇ ਸਾਫ਼ ਸ਼ਬਦਾਂ ਵਿਚ ਮੇਰੇ ਪਰਵਾਰ ਦਾ ਨਾਮ ਲਿਆ। ਉਨ੍ਹਾਂ ਦਸਿਆ ਕਿ ਜਦੋਂ ਮੈਂ ਖ਼ੁਦ ਹਰਪਾਲ ਸਿੰਘ ਨੂੰ ਕਿਹਾ ਕਿ ਜੇਕਰ ਕੋਈ ਗੱਲ ਹੈ ਤਾਂ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ ਤਾਂ ਉਸ ਨੇ ਮੇਰੇ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿਤੀ ਅਤੇ ਕਿਸੇ ਤੇਜ਼ਧਾਰ ਚੀਜ਼ ਨਾਲ ਮੇਰੇ ਹੱਥ 'ਤੇ ਵਾਰ ਕੀਤਾ ਜਿਸ ਨਾਲ ਮੇਰੀ ਉਂਗਲ ਤੇ ਗੰਭੀਰ ਸੱਟ ਲੱਗੀ। ਉਨ੍ਹਾਂ ਕਿਹਾ ਇਥੇ ਹੀ ਬਸ ਨਹੀਂ ਫਿਰ ਹਰਪਾਲ ਸਿੰਘ ਨੇ ਮੇਰੇ ਦਾੜ੍ਹੀ ਦੇ ਰੋਮ ਫੜਕੇ ਪੁੱਟੇ। ਉਨ੍ਹਾਂ ਕਿਹਾ ਕਿ ਫਿਰ ਜਦ ਆਤਮ ਰੱਖਿਆ ਲਈ ਉਨ੍ਹਾਂ ਵੀ ਹਰਪਾਲ ਸਿੰਘ ਦਾ ਮੁਕਾਬਲਾ ਕੀਤਾ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਪੰਚਾਇਤ ਵਲੋਂ ਤਿੰਨ ਵਾਰ ਹਰਪਾਲ ਸਿੰਘ ਨੂੰ ਮਿਲਣ ਦਾ ਸਮਾਂ ਦਿਤਾ ਤਾਂ ਜੋ ਉਹ ਵੀ ਅਪਣਾ ਪੱਖ ਰੱਖੇ ਜਾਂ ਕੀਤੀ ਘਿਨੌਣੀ ਹਰਕਤ ਦੀ ਮਾਫ਼ੀ ਮੰਗੇ ਪਰ ਉਹ ਹਾਜ਼ਰ ਨਹੀਂ ਹੋਇਆ। ਮੌਕੇ 'ਤੇ ਪਹੁੰਚੇ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਨੇ ਕਿਹਾ ਉਨ੍ਹਾਂ ਨੂੰ ਭਾਈ ਮਨਜੀਤ ਸਿੰਘ ਨਾਲ ਹੋਈ ਵਧੀਕੀ ਦੀ ਖ਼ਬਰ ਮਿਲੀ ਹੈ ਪਰ ਪੁਲਿਸ ਦੇ ਨਾਲ ਨਾਲ ਉਹ ਅਪਣੇ ਪੱਧਰ 'ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਦਾ ਸਾਥ ਦੇਣਗੇ।
ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਸੇਖੂਪੁਰ ਵਿਜੇ ਕੁਮਾਰ ਨੇ ਜਾਂਚ ਸ਼ੁਰੂ ਕਰ ਦਿਤੀ ਅਤੇ ਘਟਨਾ ਦੀ ਗੰਭੀਰਤਾ ਨੂੰ ਸਮਝਦੇ ਐਸ ਐਚ ਓ ਸੁਖਰਾਜ ਸਿੰਘ ਥਾਣਾ ਸਦਰ ਬਟਾਲਾ ਵੀ ਪੁਲਿਸ ਪਾਰਟੀ ਸਮੇਤ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਇਸ ਸਾਰੇ ਮਾਮਲੇ ਵਿਚ ਹਰਪਾਲ ਸਿੰਘ ਨੇ ਅਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਝਗੜਾ ਭਾਈ ਮਨਜੀਤ ਸਿੰਘ ਵਲੋਂ ਸੁਰੂ ਕੀਤਾ ਗਿਆ ਸੀ।