
ਕਈ ਭਾਰਤੀਆਂ ਨੂੰ ਤਿਰੰਗੇ ਸਮੇਤ ਘੜੀਸਿਆ
ਕੈਲੇਫੋਰਨੀਆ- ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਅਸਰ ਵਿਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਅਮਰੀਕਾ ਦੇ ਕੈਲੇਫੋਰਨੀਆ ਵਿਚ ਖ਼ਾਲਿਸਤਾਨੀ ਸਮਰਥਕਾਂ ਅਤੇ ਭਾਰਤੀ ਸਮਰਥਕਾਂ ਵਿਚਕਾਰ ਝੜਪ ਹੋ ਗਈ। ਉਥੇ ਹੀ ਇੰਗਲੈਂਡ ਦੇ ਲੰਡਨ ਵਿਚ ਵੀ ਇਹੀ ਕੁੱਝ ਦੇਖਣ ਨੂੰ ਮਿਲਿਆ। ਕੈਲੇਫੋਰਨੀਆ ਵਿਚ ਤਾਂ ਆਲਮ ਇਹ ਹੋ ਗਿਆ ਸੀ ਕਿ ਵੱਡੀ ਗਿਣਤੀ ਵਿਚ ਆਏ ਖ਼ਾਲਿਸਤਾਨੀ ਸਮਰਥਕਾਂ ਨੇ ਹੱਥਾਂ ਵਿਚ ਤਿਰੰਗੇ ਲੈ ਕੇ ਖੜ੍ਹੇ ਭਾਰਤੀ ਸਮਰਥਕਾਂ ਨੂੰ ਝੰਡਿਆਂ ਸਮੇਤ ਘੜੀਸ ਲਿਆ।
Article 370
ਉਥੇ ਮੌਜੂਦ ਕੈਲੇਫੋਰਨੀਆ ਪੁਲਿਸ ਨੇ ਕਾਫ਼ੀ ਜੱਦੋ ਜਹਿਦ ਮਗਰੋਂ ਸਥਿਤੀ ਨੂੰ ਕੰਟਰੋਲ ਕੀਤਾ। ਦਰਅਸਲ ਖ਼ਾਲਿਸਤਾਨੀ ਸਮਰਥਕਾਂ ਸਾਹਮਣੇ ਤਿਰੰਗੇ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਸਮਰਥਕਾਂ ਦੀ ਗਿਣਤੀ ਕਾਫ਼ੀ ਘੱਟ ਸੀ। ਜਿਸ ਕਰਕੇ ਖ਼ਾਲਿਸਤਾਨੀ ਸਮਰਥਕ ਹਾਵੀ ਹੋ ਗਏ। ਇਸ ਦੇ ਨਾਲ ਹੀ ਲੰਡਨ ਵਿਚ ਵੀ ਖ਼ਾਲਿਸਤਾਨੀ ਸਮਰਥਕਾਂ ਦਾ ਕਾਫ਼ੀ ਵਿਰੋਧ ਦੇਖਣ ਨੂੰ ਮਿਲਿਆ।
Khalistanis Protesting Against Article 370
ਜਿੱਥੇ ਖ਼ਾਲਿਸਤਾਨੀਆਂ ਨੇ ਆਜ਼ਾਦੀ ਦੀ ਮੰਗ ਨੂੰ ਦੁਹਰਾਉਂਦੇ ਹੋਏ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਵੀ ਵਿਰੋਧ ਕੀਤਾ। ਸ਼ਿਕਾਗੋ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਖ਼ਾਲਿਸਤਾਨੀ ਸਮਰਥਕਾਂ ਨੇ ਉਦੋਂ ਹੱਦ ਕਰ ਦਿੱਤੀ ਜਦੋਂ ਉਨ੍ਹਾਂ ਨੇ ਭਾਰਤ ਦੇ ਮਸ਼ਹੂਰ ਨਗਮੇ 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ' ਨੂੰ ਤੋੜ ਮਰੋੜ ਕੇ ਗਾਇਆ ਅਤੇ ਭਾਰਤ ਵਿਰੋਧੀ ਨਾਅਰੇ ਲਗਾਏ। ਭਾਵੇਂ ਕਿ ਭਾਰਤ ਵਿਚਲੀਆਂ ਕੁੱਝ ਪਾਰਟੀਆਂ ਅਤੇ ਵਿਦੇਸ਼ਾਂ ਵਿਚ ਪਾਕਿਸਤਾਨੀ ਲੋਕਾਂ ਵੱਲੋਂ ਵੀ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜਿਸ ਤੋਂ ਬਾਅਦ ਹੁਣ ਭਾਰਤ ਲਈ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਕੰਟਰੋਲ ਵਿਚ ਰੱਖਣਾ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਥੋੜ੍ਹੀ ਜਿਹੀ ਢਿੱਲ ਦੇਣ ਦੇ ਬਾਵਜੂਦ ਉਥੋਂ ਹਿੰਸਾ ਦੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ। ਜਦੋਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਤਾਂ ਕੀ ਹੋਵੇਗਾ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।