
ਭ੍ਰਿਸ਼ਟਾਚਾਰ ਦੇ ਕੇਸ ਤੋਂ ਬਾਅਦ ਹੁਣ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਵੀ ਮਿਲੀ ਜ਼ਮਾਨਤ
ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਆਈ.ਏ.ਐਸ. ਸੰਜੇ ਪੋਪਲੀ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਨਿਯਮਤ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ਵਿਚ ਨਿਯਮਤ ਜ਼ਮਾਨਤ ਦਿਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਜੂਨ ਵਿਚ ਭ੍ਰਿਸ਼ਟਾਚਾਰ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਆਈ.ਏ.ਐਸ. ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲਈ ਸੀ।
ਇਹ ਵੀ ਪੜ੍ਹੋ: ਸਪੇਨ 'ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ
ਇਸ ਦੌਰਾਨ ਉਨ੍ਹਾਂ ਦੇ ਘਰ ਵਿਚੋਂ 9 ਸੋਨੇ ਦੀਆਂ ਇੱਟਾਂ, 49 ਬਿਸਕੁਟ, 12 ਸਿੱਕੇ, ਚਾਂਦੀ ਦੀਆਂ ਇੱਟਾਂ, 18 ਸਿੱਕੇ, 2 ਸਮਾਰਟ ਘੜੀਆਂ, ਸਮਾਰਟ ਫੋਨ ਅਤੇ 3.50 ਲੱਖ ਰੁਪਏ ਬਰਾਮਦ ਹੋਏ ਹਨ। ਛਾਪੇਮਾਰੀ ਦੌਰਾਨ ਤਿੰਨ ਹਾਰ, ਤਿੰਨ ਜੋੜੇ ਟੌਪਸ, ਇਕ ਸੋਨੇ ਦਾ ਕੰਗਣ, ਇਕ ਸੋਨੇ ਦਾ ਸਿੱਕਾ, ਇਕ 24 ਕੈਰੇਟ ਸੋਨੇ ਦਾ ਸਿੱਕਾ, ਇਕ ਹੀਰੇ ਦੀ ਮੁੰਦਰੀ, ਸੋਨੇ ਦੇ ਦੋ ਛੋਟੇ ਕੰਗਣ, ਸੋਨੇ ਦੀਆਂ ਚੂੜੀਆਂ, ਇਕ ਚਾਂਦੀ ਦੀ ਪਲੇਟ ਅਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਹੋਇਆ ਸੀ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ ਚਾਚੀ ਅਤੇ ਭਤੀਜੇ ਨੂੰ ਅਫੀਮ ਸਣੇ ਕੀਤਾ ਕਾਬੂ; 20 ਹਜ਼ਾਰ ਰੁਪਏ ਬਦਲੇ ਕੀਤੀ ਤਸਕਰੀ
ਉਨ੍ਹਾਂ ਦੇ ਬੈਂਕ ਖਾਤਿਆਂ 'ਚ ਵੀ ਵੱਡੀ ਰਕਮ ਹੋਣ ਦੀ ਵੀ ਸੂਚਨਾ ਮਿਲੀ ਸੀ। ਇਸ ਜਾਇਦਾਦ ਦੇ ਸਰੋਤ ਦਾ ਪਤਾ ਨਾ ਲੱਗਣ ਕਾਰਨ ਵਿਜੀਲੈਂਸ ਨੇ ਉਨ੍ਹਾਂ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਦਾ ਨਵਾਂ ਕੇਸ ਦਰਜ ਕੀਤਾ ਸੀ। ਸੰਜੇ ਪੋਪਲੀ ਨੂੰ ਹਾਲ ਹੀ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲੀ ਸੀ ਪਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਕਾਰਨ ਉਹ ਜੇਲ ਤੋਂ ਬਾਹਰ ਨਹੀਂ ਆ ਸਕੇ ਸਨ।
ਇਹ ਵੀ ਪੜ੍ਹੋ: ਜਲੰਧਰ ਪੁਲਿਸ ਨੇ 4 ਅਸਲਾ ਤਸਕਰ ਕੀਤੇ ਕਾਬੂ; 2 ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਵੀ ਬਰਾਮਦ
ਅਜਿਹੇ 'ਚ ਉਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 25 ਸਤੰਬਰ ਨੂੰ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਸੀ ਅਤੇ ਉਸ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿਤੇ ਸਨ। ਸ਼ੁਕਰਵਾਰ ਨੂੰ ਉਸ ਦੀ ਜ਼ਮਾਨਤ 'ਤੇ ਫੈਸਲਾ ਦਿੰਦੇ ਹੋਏ ਹਾਈ ਕੋਰਟ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।