
ਚੰਡੀਗੜ੍ਹ ਬਿਜਲੀ ਵਿਭਾਗ ਨੇ ਦਾਇਰ ਕੀਤੀ ਸੀ ਅਪੀਲ
ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈਏਐਸ ਸੰਜੇ ਪੋਪਲੀ ਨੂੰ ਇਕ ਹੋਰ ਝਟਕਾ ਲੱਗਿਆ ਹੈ। ਚੰਡੀਗੜ੍ਹ ਦੀ ਖਪਤਕਾਰ ਅਦਾਲਤ ਨੇ ਇਕ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਪੋਪਲੀ ਨੂੰ 1.23 ਲੱਖ ਰੁਪਏ ਦੇ ਬਕਾਇਆ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਹੈ। ਦਰਅਸਲ ਇਹ ਮਾਮਲਾ 15 ਸਾਲ ਪੁਰਾਣੇ ਬਿਜਲੀ ਬਿੱਲ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਪੋਪਲੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਾਲ 2004 ਵਿਚ ਉਸ ਨੂੰ ਸੈਕਟਰ 11 ਵਿਚ ਮਕਾਨ ਨੰਬਰ 520 ਅਲਾਟ ਹੋਇਆ ਸੀ। ਉਸ ਨੂੰ ਸੈਕਟਰ 7ਸੀ ਵਿਚ ਮਕਾਨ ਨੰਬਰ 735 ਅਲਾਟ ਕੀਤਾ ਗਿਆ ਸੀ। ਦਸੰਬਰ 2003 ਵਿਚ ਉਹਨਾਂ ਨੇ ਫਿਰੋਜ਼ਪੁਰ ਵਿਚ ਟ੍ਰਾਂਸਫਰ ਹੋਣ ਕਾਰਨ ਘਰ ਵਾਪਸ ਕਰ ਦਿੱਤਾ ਸੀ।
ਇਸ ਦੌਰਾਨ ਪੋਪਲੀ ਨੇ ਹੈਰਾਨੀ ਜਤਾਈ ਕਿ ਉਸ ਨੂੰ 28 ਮਈ 2019 ਨੂੰ 1,18,306 ਰੁਪਏ ਦਾ ਬਿੱਲ ਮਿਲਿਆ। ਇਹ 25 ਫਰਵਰੀ 2019 ਤੋਂ 25 ਅਪ੍ਰੈਲ 2019 ਤੱਕ ਦਾ ਬਿੱਸ ਸੀ। ਇਸ ਵਿਚ ਪੁਰਾਣੀ ਰੀਡਿੰਗ 42,174 ਰੁਪਏ ਅਤੇ ਨਵੀਂ ਰੀਡਿੰਗ 44,354 ਰੁਪਏ ਦਿਖਾਈ ਦੇ ਰਹੀ ਸੀ। ਅਜਿਹੀ ਸਥਿਤੀ 'ਚ ਬਿਜਲੀ ਦੀ ਕੁੱਲ ਖਪਤ 2,180 ਯੂਨਿਟ ਰਹੀ।
ਬਿਜਲੀ ਵਿਭਾਗ ਵੱਲੋਂ ਪੋਪਲੀ ਨੂੰ ਦੱਸਿਆ ਗਿਆ ਕਿ 2004 ਤੋਂ 48,681 ਰੁਪਏ ਦੀ ਰਾਸ਼ੀ ਬਕਾਇਆ ਹੈ। ਪੋਪਲੀ ਨੇ ਦੋਸ਼ ਲਾਇਆ ਕਿ ਉਸ ਨੂੰ ਬਿਨਾਂ ਦੱਸੇ ਇਸ ਵਿਚ ਸਾਲਾਨਾ ਸਰਚਾਰਜ ਵੀ ਜੋੜ ਦਿੱਤਾ ਗਿਆ। ਅਜਿਹੀ ਸਥਿਤੀ ਵਿਚ ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਪੋਪਲੀ ਦੀ ਸ਼ਿਕਾਇਤ ਨੂੰ ਸਵੀਕਾਰ ਕਰਦਿਆਂ ਯੂਟੀ ਦੀ 1.23 ਲੱਖ ਰੁਪਏ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਚੰਡੀਗੜ੍ਹ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵੱਲੋਂ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ।
ਦੱਸ ਦੇਈਏ ਕਿ ਸੰਜੇ ਪੋਪਲੀ ਨੂੰ 21 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਲਾਸ਼ੀ ਦੌਰਾਨ ਉਸ ਦੀ ਚੰਡੀਗੜ੍ਹ ਸੈਕਟਰ 11 ਕੋਠੀ ਵਿਚੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, 5 ਮਹਿੰਗੇ ਮੋਬਾਈਲ, 2 ਸਮਾਰਟ ਘੜੀਆਂ ਬਰਾਮਦ ਹੋਈਆਂ। ਵਿਜੀਲੈਂਸ ਦੀ ਤਲਾਸ਼ ਦੌਰਾਨ ਪੋਪਲੀ ਦੇ ਲੜਕੇ ਨੇ ਸਿਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੋਪਲੀ 'ਤੇ ਨਵਾਂਸ਼ਹਿਰ 'ਚ ਸੀਵਰੇਜ ਪਾਈਪ ਵਿਛਾਉਣ ਦਾ ਟੈਂਡਰ ਪਾਸ ਕਰਨ ਬਦਲੇ 1 ਫੀਸਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ।