
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਦੀ ਪਤਨੀ ਦੇ...
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਂਕਸ਼ ਸੇਨ ਦੀ ਹੱਤਿਆ ਮਾਮਲੇ 'ਚ ਅਦਾਲਤ ਨੇ ਦੋਸ਼ੀ ਹਰਮਹਿਤਾਬ ਸਿੰਘ ਦੀ ਸਜ਼ਾ 'ਤੇ ਫ਼ੈਸਲਾ ਸੁਣਾ ਦਿੱਤਾ ਹੈ। ਚੰਡੀਗੜ੍ਹ ਸੈਸ਼ਨ ਕੋਰਟ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਸਲ ਵਿਚ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਹਰਮਹਿਤਾਬ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਮੁੜ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਨੇ ਅਦਾਲਤ ਨੂੰ ਮਾਮਲੇ ਦੀਆਂ ਧਾਰਾਵਾਂ 'ਚ ਬਦਲਾਅ ਕਰਨ ਦੀ ਅਪੀਲ ਕੀਤੀ ਸੀ ਪਰ ਜੱਜ ਨੇ ਇਸ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣਾ ਫ਼ੈਸਲਾ ਸੁਣਾ ਚੁੱਕੇ ਹਨ ਤੇ ਜੇਕਰ ਬਚਾਅ ਧਿਰ ਨੂੰ ਇਤਰਾਜ਼ ਹੈ ਤਾਂ ਉਹ ਫ਼ੈਸਲੇ ਖ਼ਿਲਾਫ਼ ਹਾਈ ਕੋਰਟ 'ਚ ਅਪੀਲ ਕਰ ਸਕਦੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਜ਼ਾ ਦੇ ਫ਼ੈਸਲੇ ਨੂੰ 20 ਨਵੰਬਰ ਤਕ ਲਈ ਟਾਲ਼ ਦਿੱਤਾ, ਜਿਸ ਤੋਂ ਬਾਅਦ ਅੱਜ ਹਰਮਹਿਤਾਬ ਨੂੰ ਉਮਰਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ।
ਦੱਸ ਦੇਈਏ ਕਿ 9 ਫਰਵਰੀ 2017 ਦੀ ਦੇਰ ਰਾਤ ਪਾਰਟੀ 'ਚ ਆਕਾਂਕਸ਼ ਦੇ ਦੋਸਤ ਸ਼ੇਰਾ ਦੀ ਹਰਮਹਿਤਾਬ ਤੇ ਉਸ ਦੇ ਦੋਸਤ ਬਲਰਾਜ ਸਿੰਘ ਰੰਧਾਵਾ ਨਾਲ ਹੱਥੋਂਪਾਈ ਹੋ ਗਈ ਸੀ। ਜਦੋਂ ਆਕਾਂਕਸ਼ ਨੇ ਸ਼ੇਰਾ ਦਾ ਬਚਾਅ ਕੀਤਾ ਜਵਾਬ 'ਚ ਉਸ ਦੀ BMW ਕਾਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋਸ਼ ਹੈ ਕਿ ਹਰਮਹਿਤਾਬ ਸਿੰਘ ਨੇ ਆਪਣੇ ਦੋਸਤ ਬਲਰਾਜ ਸਿੰਘ ਰੰਧਾਵਾ ਨੂੰ ਆਕਾਂਕਸ਼ 'ਤੇ ਕਾਰ ਚੜ੍ਹਾਉਣ ਲਈ ਉਕਸਾਇਆ ਸੀ।