
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਸ ਦੇ ਸਾਥੀਆਂ ਵਿਰੁਧ ਸਿਟੀ ਥਾਣੇ ਦੀ ਪੁਲਿਸ ਵਲੋਂ ਦਰਜਨ ਦੇ ਕਰੀਬ ਅਪਰਾਧਕ ਮਾਮਲੇ ਦਰਜ.........
ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਸ ਦੇ ਸਾਥੀਆਂ ਵਿਰੁਧ ਸਿਟੀ ਥਾਣੇ ਦੀ ਪੁਲਿਸ ਵਲੋਂ ਦਰਜਨ ਦੇ ਕਰੀਬ ਅਪਰਾਧਕ ਮਾਮਲੇ ਦਰਜ ਹੋਣ ਤੋਂ ਬਾਅਦ ਉਹ, ਉਨ੍ਹਾਂ ਦੇ ਪਾਰਟੀ ਵਰਕਰ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਨੂੰ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ ਕਾਰਨ ਸਿਧੇ ਸਿਟੀ ਥਾਣਾ ਪੁੱਜੇ। ਬੱਬੇਹਾਲੀ ਕਾਫ਼ੀ ਸਮਾਂ ਡੀ.ਐਸ.ਪੀ. ਦੇਵ ਦੱਤ ਕੋਲ ਥਾਣੇ ਅੰਦਰ ਹਿਰਾਸਤ 'ਚ ਲਏ ਗਏ ਉਨ੍ਹਾਂ ਦੇ ਸਾਥੀ ਬਾਰੇ ਪੁਛਦੇ ਰਹੇ।
ਇਸ ਮਗਰੋਂ ਜਦੋਂ ਥਾਣੇ ਅੰਦਰ ਹੀ ਕਿਸੇ ਤਰ੍ਹਾਂ ਉਨ੍ਹਾਂ ਦੇ ਕੰਨੀਂ ਭਿਣਕ ਪਈ ਕਿ ਦਰਜ ਕੀਤੀ ਗਈ ਐਫ਼.ਆਈ.ਆਰ. 'ਚ ਉਨ੍ਹਾਂ ਦਾ ਵੀ ਨਾਂ ਵੀ ਹੈ ਤਾਂ ਉਹ ਥਾਣਿਉਂ ਉਸੇ ਵਕਤ ਚਲੇ ਗਏ। ਦਰਜਨ ਦੇ ਕਰੀਬ ਗ਼ੈਰ-ਜ਼ਮਾਨਤਯੋਗ ਧਾਰਾਵਾਂ ਅਧੀਨ ਕੇਸ ਦਰਜ ਹੋਣ ਦੇ ਬਾਵਜੂਦ ਨਾ ਹੀ ਡੀ.ਐਸ.ਪੀ. ਅਤੇ ਨਾ ਹੀ ਥਾਣੇ ਅੰਦਰ ਹੋਰ ਕਿਸੇ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਦਰਜ ਕੇਸ 'ਚ ਥਾਣੇ ਬਿਠਾਉਣ ਦੀ ਜੁਰਅਤ ਕੀਤੀ। ਇਸ ਸਬੰਧ ਵਿਚ ਜਦੋਂ ਸਿਟੀ ਥਾਣੇ ਦੇ ਐਸ.ਐਚ.ਓ. ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਅਪਣਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ
ਕਿ ਉਨ੍ਹਾਂ ਦੀ ਥਾਣੇ ਅੰਦਰ ਮੌਜੂਦਗੀ ਦੌਰਾਨ ਬੱਬੇਹਾਲੀ ਨਹੀਂ ਆਏ। ਜਦੋਂ ਉਨ੍ਹਾਂ ਦਾ ਧਿਆਨ ਇਕ ਅਖ਼ਬਾਰ ਵਿਚ ਥਾਣੇ ਅੰਦਰ ਡੀ.ਐਸ.ਪੀ. ਸਾਹਮਣੇ ਬੈਠਿਆਂ ਦੀ ਛਪੀ ਤਸਵੀਰ ਵਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਜਦੋਂ ਡੀ.ਐਸ.ਪੀ. ਦੇਵ ਦੱਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਬੇਹਾਲੀ ਬਕਾਇਦਾ ਥਾਣੇ ਆਏ ਸਨ ਪਰ ਉਦੋਂ ਤਕ ਉਸ ਨੂੰ ਪਤਾ ਨਹੀਂ ਸੀ ਕਿ ਦਰਜ ਕੀਤੇ ਗਏ ਕੇਸ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦਾ ਵੀ ਨਾਂ ਸ਼ਾਮਲ ਹੈ।
ਡੀ.ਐਸ.ਪੀ. ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਤਾਂ ਉਹ ਥਾਣੇ 'ਚੋਂ ਬਾਹਰ ਕਿਵੇਂ ਜਾ ਸਕਦਾ ਸੀ? ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ਐਸ.ਐਚ.ਓ. ਕੁਲਵੰਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਬੱਬੇਹਾਲੀ, ਉਸ ਦੇ ਪੁੱਤਰ ਅਮਰਜੋਤ ਬੱਬੇਹਾਲੀ ਅਤੇ ਬਾਕੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।