
ਗੁਰਦਾਸਪੁਰ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਉਨ੍ਹਾਂ ਦੇ ਪੁੱਤਰ ਤੇ ਨਗਰ ਸੁਧਾਰ ਟਰੱਸਟ....
ਗੁਰਦਾਸਪੁਰ (ਭਾਸ਼ਾ) : ਗੁਰਦਾਸਪੁਰ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਉਨ੍ਹਾਂ ਦੇ ਪੁੱਤਰ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 12 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ। ਗੁਰਦਾਸਪੁਰ ਪੁਲਿਸ ਨੇ ਕੋਆਪ੍ਰੇਟਿਵ ਸੁਸਾਇਟੀ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਤੇ ਨਕਲੀ ਦਸਤਾਵੇਜ਼ ਤਿਆਰ ਕਰ ਆਪਣਾ ਸਿਨੇਮਾ ਬਣਾਉਣ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦਰਅਸਲ ਇਹ ਮਾਮਲਾ ਸਹਿਕਾਰੀ ਸਭਾ ਦੀ ਜ਼ਮੀਨ ਦੀ ਕਥਿਤ ਰੂਪ ਵਿਚ ਗ਼ਲਤ ਢੰਗ ਨਾਲ ਹੋਈ ਰਜਿਸਟਰੀ ਨਾਲ ਸਬੰਧਤ ਹੈ।
ਇਸ ਜ਼ਮੀਨ ’ਤੇ ਅਕਾਲੀ ਆਗੂ ਬੱਬੇਹਾਲੀ ਵੱਲੋਂ ਇੱਕ ਮਾਲ ਬਣਾਇਆ ਗਿਆ ਸੀ, ਜੋ ਲੰਮੇ ਸਮੇਂ ਤੋਂ ਅਦਾਲਤੀ ਕੇਸਾਂ ਕਾਰਨ ਬੰਦ ਪਿਆ ਹੈ। ਉੱਧਰ, ਗੁਰਬਚਨ ਸਿੰਘ ਬੱਬੇਹਾਲੀ ਦਾ ਕਹਿਣਾ ਹੈ ਕਿ ਪੰਚਾਇਤੀ ਚੋਣ ਕਰਕੇ ਉਨ੍ਹਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਵਰਕਰਾਂ ਤੇ ਉਮੀਦਵਾਰਾਂ ਦੀ ਮਦਦ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਖੈਰ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਆਪਣੀ ਅਗਲੀ ਕਾਰਵਾਈ ਵਿਚ ਲੱਗੀ ਹੋਈ ਹੈ।