
6 ਸੜਕਾਂ ਦੇ ਨਿਰਮਾਣ ਲਈ 2 ਤੋਂ 9 ਮਹੀਨੇ ਦੀ ਸਮਾਂ ਸੀਮਾ ਨਿਰਧਾਰਤ
ਲੁਧਿਆਣਾ - ਇੱਕ ਬਹੁਤ ਹੀ ਲੋੜੀਂਦੀ ਲੋੜ ਦੀ ਪੂਰਤੀ ਵਾਸਤੇ, ਪੰਜਾਬ ਸਰਕਾਰ ਨੇ ਲੁਧਿਆਣਾ ਦੇ ਫ਼ੋਕਲ ਪੁਆਇੰਟਾਂ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਲਈ 34.47 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਸੰਬੰਧਿਤ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ
ਇਹ ਵਿਕਾਸ ਇਸ ਲਈ ਵੀ ਅਹਿਮ ਹੈ ਕਿਉਂਕਿ ਸੂਬੇ ਦੇ ਉਦਯੋਗਿਕ ਅਤੇ ਕਾਰੋਬਾਰੀ ਹੱਬ ਦੇ ਫ਼ੋਕਲ ਪੁਆਇੰਟਾਂ ਦੀਆਂ ਜ਼ਿਆਦਾਤਰ ਸੜਕਾਂ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈਆਂ ਸਨ, ਜਿਸ ਕਾਰਨ ਸਨਅਤਕਾਰਾਂ, ਮਜ਼ਦੂਰਾਂ ਅਤੇ ਸਨਅਤੀ ਖੇਤਰਾਂ ਦੇ ਵਸਨੀਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਫ਼ੰਡ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਇਹ ਮਸਲਾ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਕੋਲ ਚੁੱਕੇ ਜਾਣ ਤੋਂ ਬਾਅਦ ਜਾਰੀ ਕੀਤੇ ਗਏ। ਰਾਜ ਸਭਾ ਮੈਂਬਰ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਅਧੀਨ ਆਉਂਦੇ ਵੱਖ-ਵੱਖ ਫ਼ੋਕਲ ਪੁਆਇੰਟਾਂ ਵਿੱਚ ਸੜਕਾਂ ਦੀ ਮਾੜੀ ਹਾਲਤ ਸੁਧਾਰਨ ਲਈ ਲੋੜੀਂਦੇ ਫ਼ੰਡ ਜਾਰੀ ਕਰਨ ਲਈ ਜ਼ੋਰ ਪਾਇਆ ਸੀ।
ਰਾਜ ਸਭਾ ਮੈਂਬਰ ਨੇ ਦੱਸਿਆ ਕਿ ਲੁਧਿਆਣਾ ਦੇ ਫ਼ੋਕਲ ਪੁਆਇੰਟਾਂ ਵਿੱਚ 14.12 ਕਿਲੋਮੀਟਰ ਲੰਬੀਆਂ ਛੇ ਮੁੱਖ ਸੜਕਾਂ ਦੇ ਪੁਨਰ ਨਿਰਮਾਣ ਲਈ 3,446.87 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੇ ਕੰਮ ਨੂੰ ਨਿਰਧਾਰਤ ਵਿਸ਼ੇਸ਼ਤਾਵਾਂ ਅਤੇ ਗੁਣਵੱਤਾ ਦੇ ਮਾਪਦੰਡਾਂ ਅਧੀਨ ਪੂਰਾ ਕਰਨ ਲਈ 2 ਤੋਂ 9 ਮਹੀਨਿਆਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ।