
Punjab News: ਏਅਰਪੋਰਟ ਤੋਂ ਲੁਧਿਆਣਾ ਜਾਂਦੇ ਸਮੇਂ ਵਾਪਰਿਆ ਹਾਦਸਾ
Punjab News: ਬੀਤੀ ਦੇਰ ਰਾਤ ਨੈਸ਼ਨਲ ਹਾਈਵੇ ਫਗਵਾੜਾ ’ਤੇ ਸ਼ੂਗਰ ਮਿੱਲ ਚੌਕ ਨੇੜੇ ਟਰੈਕਟਰ-ਟਰਾਲੀ ਨਾਲ ਇਕ ਟੈਕਸੀ ਦੇ ਟਕਰਾਉਣ ਕਾਰਨ ਆਸਟ੍ਰੇਲੀਆ ਵਾਸੀ ਐਨਆਰਆਈ ਦਿਲਪ੍ਰੀਤ ਸਿੰਘ (28) ਲੁਧਿਆਣਾ ਅਤੇ ਟੈਕਸੀ ਡਰਾਈਵਰ ਯੁਵਰਾਜ ਮਸੀਹ ਸਮੇਤ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਗੁਰਿੰਦਰ ਕੌਰ (ਮ੍ਰਿਤਕ ਐਨਆਰਆਈ ਦਿਲਪ੍ਰੀਤ ਦੀ ਮਾਤਾ) ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਵਿਚ ਜ਼ਖ਼ਮੀ ਗੁਰਿੰਦਰ ਕੌਰ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਦਿਤਾ ਗਿਆ।
ਮ੍ਰਿਤਕ ਐਨਆਰਆਈ ਦਿਲਪ੍ਰੀਤ ਦੇ ਪਿਤਾ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਸ ਦੀ ਪਤਨੀ ਅਪਣੇ ਐਨਆਰਆਈ ਲੜਕੇ ਦਿਲਪ੍ਰੀਤ ਨਾਲ ਆਸਟਰੇਲੀਆ ਤੋਂ ਵਾਪਸ ਪਰਤੇ ਸਨ ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਟੈਕਸੀ ਵਿਚ ਲੁਧਿਆਣਾ ਆ ਰਹੇ ਸਨ, ਇਸ ਦੌਰਾਨ ਗੱਡੀ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਜੋ ਕਿ ਰਿਫਲੈਕਟਰ ਤੋਂ ਬਿਨਾਂ ਚੱਲ ਰਹੀ ਸੀ, ਨਾਲ ਜਾ ਟਕਰਾਈ। ਘਟਨਾ ਉਪਰੰਤ ਟਰੈਕਟਰ ਚਾਲਕ ਭੱਜਣ ਵਿਚ ਕਾਮਯਾਬ ਹੋ ਗਿਆ।
ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਟਰੈਕਟਰ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ ਜੋ ਅਜੇ ਫ਼ਰਾਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀਆਂ ਗਈਆਂ।