
ਕਪੂਰਥਲਾ ਤੋਂ 5 ਨਾਮੀ, ਸ਼ੱਕੀ ਗ੍ਰਿਫ਼ਤਾਰ
Punjab News: ਤਰਨਤਾਰਨ - ਪੰਜਾਬ ਦੇ ਤਰਨਤਾਰਨ 'ਚ ਸ਼ਨੀਵਾਰ ਨੂੰ ਦਿਨ ਦਿਹਾੜੇ ਖੇਤਾਂ 'ਚ 35 ਸਾਲਾ ਸੁਖਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਨੇ ਅਹਿਮ ਖ਼ੁਲਾਸਾ ਕੀਤਾ ਹੈ। ਤਰਨਤਾਰਨ ਪੁਲਿਸ ਨੇ ਅਤਿਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਸਮੇਤ 5 ਦੋਸ਼ੀਆਂ ਖਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕੇਸ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਵਾਸੀ ਪਿੰਡ ਹਰੀਕੇ ਦੇ ਬਿਆਨਾਂ ’ਤੇ ਦਰਜ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਵਿਦੇਸ਼ੀ ਮੂਲ ਦੇ ਅਤਿਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਉਸ ਦੇ ਸਾਥੀ ਮਹਿਕ ਵਾਸੀ ਹਰੀਕੇ, ਗੁਰਪ੍ਰੀਤ ਸਿੰਘ ਵਾਸੀ ਮੱਖੂ, ਮਿੱਠੂ ਮਰਾੜੀ ਸਿੰਘ ਵਾਸੀ ਸ਼ਬਾਜਪੁਰ ਅਤੇ ਸੁਖਮਨਪ੍ਰੀਤ ਸਿੰਘ ਉਰਫ ਕਾਲੂ ਵਾਸੀ ਸ਼ਬਾਜਪੁਰ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
ਪੁਲਿਸ ਨੇ ਕਪੂਰਥਲਾ ਤੋਂ ਕਈ ਸ਼ੱਕੀ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ। ਥਾਣਾ ਸਦਰ ਤਰਨਤਾਰਨ ਦੇ ਐਸ.ਆਈ ਨਰੇਸ਼ ਕੁਮਾਰ ਨੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਫਿਲਹਾਲ ਪੁਲਿਸ ਕਿਸੇ ਨੂੰ ਹਿਰਾਸਤ ਵਿਚ ਲੈਣ ਬਾਰੇ ਚੁੱਪ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ 6 ਮਹੀਨਿਆਂ ਤੋਂ ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ।
ਸ਼ਨੀਵਾਰ ਨੂੰ ਉਹ ਖੇਤਾਂ 'ਚ ਸੀ ਜਦੋਂ ਕੁਝ ਅਣਪਛਾਤੇ ਵਿਅਕਤੀ ਉਥੇ ਪਹੁੰਚ ਗਏ। ਉਨ੍ਹਾਂ ਨੇ ਸੁਖਪ੍ਰੀਤ ਨੂੰ ਖੇਤਾਂ ਵਿਚ ਤਿੰਨ ਗੋਲੀਆਂ ਮਾਰੀਆਂ ਅਤੇ ਉਥੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਪਰਿਵਾਰ ਨੇ ਦੱਸਿਆ ਕਿ ਸੁਖਪ੍ਰੀਤ ਦੀ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਸੀ। ਜਿਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਕਤਲ ਪਿੱਛੇ ਅਤਿਵਾਦੀ ਲਖਬੀਰ ਦਾ ਹੱਥ ਹੈ। ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।