
ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨਣ ਦੇ ਮਤੇ 'ਤੇ ਅੱਜ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਭਾਜਪਾ ਮੈਂਬਰਾਂ ਅਤੇ ਕਾਂਗਰਸੀ ਮੈਂਬਰਾਂ ਵਿਚ ਖ਼ੂਬ ਝੜਪਾਂ ਹੋਈਆਂ
ਚੰਡੀਗੜ੍ਹ : ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨਣ ਦੇ ਮਤੇ 'ਤੇ ਅੱਜ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਭਾਜਪਾ ਮੈਂਬਰਾਂ ਅਤੇ ਕਾਂਗਰਸੀ ਮੈਂਬਰਾਂ ਵਿਚ ਖ਼ੂਬ ਝੜਪਾਂ ਹੋਈਆਂ। ਜਦ ਅਕਾਲੀ ਦਲ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਿਫ਼ਰ ਕਾਲ ਸਮੇਂ ਉਪਰੋਕਤ ਮਤਾ ਹਾਊਸ ਵਿਚ ਲਿਆਉਣ ਲਈ ਬੋਲਣਾ ਆਰੰਭਿਆ ਤਾਂ ਸਪੀਕਰ ਨੇ ਕਿਹਾ ਕਿ ਇਸ ਮਤੇ ਉਪਰ ਅਜੇ ਉਨ੍ਹਾਂ ਨੇ ਅਪਣਾ ਫ਼ੈਸਲਾ ਦੇਣਾ ਹੈ। ਇਸ ਉਪਰੰਤ ਸ. ਢੀਂਡਸਾ ਜਦ ਬੋਲਣ ਲੱਗੇ ਤਾਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦਾ ਵਿਰੋਧ ਕਰਨਾ ਆਰੰਭ ਕੀਤਾ।
ਸ. ਢੀਂਡਸਾ ਨੇ ਕਿਹਾ ਕਿ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਰੁਧ ਪਿਛਲੇ ਦਿਨ ਇਕ ਸਖ਼ਤ ਬਿਆਨ ਦੇ ਚੁਕੇ ਹਨ ਤਾਂ ਫਿਰ ਉਨ੍ਹਾਂ ਦੇ ਮਤੇ ਉਪਰ ਕਾਂਗਰਸ ਨੂੰ ਕਿਉਂ ਇਤਰਾਜ਼ ਹੈ? ਇਸ 'ਤੇ ਸ. ਰੰਧਾਵਾ ਨੇ ਕਿਹਾ ਕਿ ਜਿਹੜੇ ਅਕਾਲੀ ਅਤਿਵਾਦੀਆਂ ਦੇ ਭੋਗਾਂ 'ਚ ਸ਼ਾਮਲ ਹੁੰਦੇ ਰਹੇ ਉਹ ਕਿਥੋਂ ਦੇਸ਼ ਭਗਤ ਹੋ ਗਏ। ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਮਤਾ ਪਾਕਿਸਤਾਨ ਨੂੰ ਅਤਿਵਾਦੀ ਐਲਾਨਣ ਲਈ ਹੈ। ਇਹ ਮਤਾ ਇਮਾਰਨ ਖ਼ਾਨ ਦੇ ਪਿਛਲੇ ਦਿਨ ਦਿਤੇ ਬਿਆਨ ਨਾਲ ਜੁੜਿਆ ਹੈ। ਇਮਰਾਨ ਖ਼ਾਨ, ਅਤਿਵਾਦੀਆਂ ਨੂੰ ਰੋਕਣ ਦੀ ਬਜਾਏ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ।
ਜਦ ਸਪੀਕਰ ਨੇ ਮਤਾ ਰਖਣ ਦੀ ਆਗਿਆ ਨਾ ਦਿਤੀ ਤਾਂ ਅਕਾਲੀ ਭਾਜਪਾ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਨ ਲੱਗੇ। ਕੁੱਝ ਸਮਾਂ ਨਾਹਰੇਬਾਜ਼ੀ ਕਰਦੇ ਰਹੇ ਅਤੇ 10-15 ਮਿੰਟਾਂ ਵਿਚ ਬਾਅਦ ਹਾਊਸ ਵਿਚੋਂ ਵਾਕ ਆਊਟ ਕਰ ਗਏ। ਹਾਊੁਸ ਵਿਚੋਂ ਬਾਹਰ ਆ ਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨਣ ਦਾ ਮਤਾ ਰਖਿਆ ਸੀ ਇਸ ਉਪਰ ਕਾਂਗਰਸ ਨੂੰ ਕੀ ਤਕਲੀਫ਼ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਕਰ ਕੇ ਵਿਰੋਧ ਕਰ ਰਹੇ ਹਨ ਜਾਂ ਕਿਸੀ ਹੋਰ ਕਾਰਨ।
ਢੀਂਡਸਾ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਅਤਿਵਾਦੀ ਸੰਗਠਨ ਨੂੰ ਪਾਲਦਾ ਹੈ ਅਤੇ ਭਾਰਤ ਉਪਰ ਹਮਲੇ ਕਰਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਤੇ ਦੇ ਵਿਰੋਧ 'ਚ ਖੜੇ ਹੋਣ ਨਾਲ ਕਾਂਗਰਸ ਦੀ ਦੋਹਰੀ ਨੀਤੀ ਸਾਹਮਣੇ ਆਈ ਹੈ। ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਕਾਂਗਰਸ ਤਾਂ 1971 ਤੋਂ ਹੀ ਪਾਕਿਸਤਾਨ ਨੂੰ ਸਬਕ ਸਿਖਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਅਕਾਲੀ ਦਲ-ਭਾਜਪਾ ਦੇ ਮੈਂਬਰ ਪ੍ਰਧਾਨ ਮੰਤਰੀ ਕੋਲ ਚਲਣ ਅਤੇ ਪ੍ਰਧਾਨ ਮੰਤਰੀ ਨੂੰ ਕਹੀਏ ਕਿ ਉਹ ਪਾਕਿਸਤਾਨ ਦੇ ਟੁਕੜੇ ਕਰੇ।
ਚਰਨਜੀਤ ਸਿੰਘ ਚੰਨੀ ਨੇ ਰੌਲਾ ਪਾਉਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੰਵਿਧਾਨ ਦੀ ਕਾਪੀ ਫਾੜੀ ਹੋਵੇ ਉਹ ਕਿਥੋਂ ਦੇ ਦੇਸ਼ ਭਗਤ ਬਣ ਗਏ। ਸ. ਚੰਨੀ ਕਾਫ਼ੀ ਸਮੇਂ ਤਕ ਅਕਾਲੀਆਂ ਨੂੰ ਕੋਸਦੇ ਰਹੇ। ਇਸ ਮਤੇ ਉਪਰ ਅਜੇ ਗਰਮਾ-ਗਰਮੀ ਚਲ ਹੀ ਰਹੀ ਸੀ ਅਤੇ ਅਕਾਲੀ ਨਾਹਰੇਬਾਜ਼ੀ ਕਰ ਰਹੇ ਸਨ ਤਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਮਤੇ ਤੋਂ ਧਿਆਨ ਪਾਸੇ ਕਰਨ ਲਈ ਅਪਣਾ ਮਤਾ ਪੜ੍ਹਣਾ ਆਰੰਭ ਦਿਤਾ।
ਸ. ਚੀਮਾ ਦਾ ਮਤਾ ਧੂਰੀ ਦੀ ਪ੍ਰਾਈਵੇਟ ਖੰਡ ਮਿੱਲ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦਾ ਕਿਸਾਨਾਂ ਦਾ 60 ਕਰੋੜ ਰੁਪਿਆ ਮਿੱਲ ਵਲ ਬਕਾਇਆ ਪਿਆ ਹੈ। ਇਸੀ ਤਰ੍ਹਾਂ ਰਾਜ ਦੀਆਂ ਹੋਰ ਸਾਰੀਆਂ ਖੰਡ ਮਿੱਲਾਂ ਵਲ 700 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਪਿਆ ਹੈ। ਸਰਕਾਰ ਦਖ਼ਲ ਦੇ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਬਕਾਇਆ ਰਕਮ ਦਾ ਭੁਗਤਾਨ ਕਰਵਾਏ।