
ਦਸ਼ਮੇਸ਼ ਨਹਿਰ ਬਣਾਉਣ ਦੀ ਮੰਗ ਅੱਜ ਪੰਜਾਬ ਵਿਧਾਨ ਸਭਾ ਵਿਚ ਹੁਕਮਰਾਨ ਅਤੇ ਵਿਰੋਧੀ ਮੈਂਬਰਾਂ ਵਲੋਂ ਗੰਭੀਰਤਾ ਨਾਲ ਉਠਾਈ ਗਈ। ਵਿਧਾਇਕ ਹਰਦਿਆਲ ਸਿੰਘ ਕੰਬੋਜ
ਚੰਡੀਗੜ੍ਹ : ਦਸ਼ਮੇਸ਼ ਨਹਿਰ ਬਣਾਉਣ ਦੀ ਮੰਗ ਅੱਜ ਪੰਜਾਬ ਵਿਧਾਨ ਸਭਾ ਵਿਚ ਹੁਕਮਰਾਨ ਅਤੇ ਵਿਰੋਧੀ ਮੈਂਬਰਾਂ ਵਲੋਂ ਗੰਭੀਰਤਾ ਨਾਲ ਉਠਾਈ ਗਈ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅਪਣੇ ਸਵਾਲ ਵਿਚ ਕਿਹਾ ਕਿ ਮੋਹਾਲੀ, ਜ਼ੀਰਕਪੁਰ, ਬਨੂੜ, ਡੇਰਾਬਸੀ ਅਤੇ ਲਾਲੜੂ ਵਿਚ ਪਾਣੀ ਦੀ ਗੰਭੀਰ ਸਮੱਸਿਆ ਹੈ। ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ। ਇਸ ਇਲਾਕੇ ਨੂੰ ਪਾਣੀ ਦੇਣ ਲਈ ਦਸ਼ਮੇਸ਼ ਲਿੰਕ ਨਹਿਰ ਬਣਾਉਣ ਦੀ ਤਜਵੀਜ਼ ਸੀ। ਕੀ ਇਹ ਤਜਵੀਜ਼ ਰੱਦ ਕਰ ਦਿਤੀ ਹੈ? ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦਸਿਆ ਕਿ ਦਸ਼ਮੇਸ਼ ਲਿੰਕ ਨਹਿਰ ਦਾ ਮੁੱਦਾ ਸਤਲੁਜ ਯਮੁਨਾ ਕਨਾਲ ਨਾਲ ਜੁੜਿਆ ਹੋਇਆ ਹੈ।
ਦਸ਼ਮੇਸ਼ ਨਹਿਰ ਐਸ.ਵਾਈ.ਐਲ ਨਹਿਰ ਵਿਚੋਂ ਹੀ ਨਿਕਲਣੀ ਸੀ ਅਤੇ ਐਸ.ਵੀ.ਐਲ ਰੱਦ ਹੋ ਗਈ ਹੈ। ਐਨ.ਕੇ. ਸ਼ਰਮਾ ਅਤੇ ਕੰਵਰ ਸੰਧੂ ਨੇ ਵੀ ਇਸ ਨਹਿਰ ਨੂੰ ਬਣਾਉਣ 'ਤੇ ਜ਼ੋਰ ਦਿਤਾ। ਕੰਵਰ ਸੰਧੂ ਨੇ ਕਿਹਾ ਕਿ ਦਸ਼ਮੇਸ਼ ਨਹਿਰ ਦਾ ਪਾਣੀ ਫ਼ਤਿਹਗੜ੍ਹ ਸਾਹਿਬ ਅਤੇ ਐਸ.ਏ.ਐਸ. ਨਗਰ ਦੇ ਇਲਾਕਿਆਂ ਨੂੰ ਸਪਲਾਈ ਹੋਣਾ ਸੀ। ਉਨ੍ਹਾਂ ਮੰਗ ਕੀਤੀ ਕਿ ਐਸ.ਵਾਈ.ਐਲ ਤਾਂ ਹੁਣ ਬਣਨੀ ਨਹੀਂ, ਇਸ ਲਈ ਇਹ ਵਖਰੀ ਨਹਿਰ ਬਣਾਈ ਜਾਵੇ। ਮੰਤਰੀ ਨੇ ਦਸਿਆ ਕਿ ਦਸ਼ਮੇਸ਼ ਨਹਿਰ ਲਈ ਜੋ ਜ਼ਮੀਨ ਲਈ ਗਈ ਸੀ ਉਸ ਵਿਚੋਂ ਕਾਫ਼ੀਜ਼ਮੀਨ ਸਰਕਾਰ ਨੇ ਪੁੱਡਾ ਨੂੰ ਦੇ ਦਿਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਹੁਣ ਅਸੀ ਦਸ਼ਮੇਸ਼ ਨਹਿਰ ਵਖਰੀ ਬਣਾਉਂਦੇ ਹਾਂ ਤਾਂ ਇਸ ਮਾਮਲੇ ਨੂੰ ਐਸ.ਵਾਈ.ਐਲ ਕੇਸ ਨਾਲ ਜੋੜ ਲਿਆ ਜਾਵੇਗਾ ਕਿਉਂਕਿ ਨਹਿਰ ਦਾ ਮਾਮਲਾ ਵੀ ਪਾਣੀਆਂ ਸਬੰਧੀ ਕੇਂਦਰੀ ਕਮਿਸ਼ਨ ਕੋਲ ਜਾਵੇਗਾ। ਐਨ.ਕੇ. ਸ਼ਰਮਾ ਅਤੇ ਕੰਵਰ ਸੰਧੂ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਲਈ ਇਕ ਕਮੇਟੀ ਬਣਾ ਦਿਤੀ ਜਾਵੇ ਜੋ ਘੋਖ ਕਰ ਕੇ ਸਰਕਾਰ ਨੂੰ ਅਪਣੀ ਰੀਪੋਰਟ ਦੇਵੇ। ਇਹ ਮੰਗ ਵੀ ਉਠੀ ਕਿ ਭਾਖੜਾ ਨਹਿਰ ਵਿਚੋਂ ਪੰਜਾਬ ਦੇ ਹਿੱਸੇ ਦਾ ਵਧ ਪਾਣੀ ਦੇ ਕੇ ਇਸ ਇਲਾਕੇ ਲਈ ਸੂਏ ਅਤੇ ਖਾਲਿਆਂ ਰਾਹੀਂ ਪਾਣੀ ਦੇ ਦਿਤਾ ਜਾਵੇ। ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਘੋਖ ਕਰਵਾ ਲੈਣਗੇ।