ਰਾਜ ਭਾਸ਼ਾ ਬਣਾਉਣ ਲਈ ਪਾਸ ਕਾਨੂੰਨ ਤੋਂ ਬਾਅਦ ਵੀ ਬਣਦੇ ਸਤਿਕਾਰ ਲਈ ਤਰਸ ਰਹੀ ਹੈ ਮਾਂ ਬੋਲੀ ਪੰਜਾਬੀ
Published : Feb 21, 2021, 7:56 am IST
Updated : Feb 21, 2021, 11:36 am IST
SHARE ARTICLE
Punjabi Language
Punjabi Language

ਸਰਕਾਰੀ ਸਕੂਲਾਂ ਵਿਚ ਵੀ ਪੰਜਾਬੀ ਨਾਲ ਮਤਰੇਈ ਮਾਂ ਵਰਗਾ ਹੋ ਰਿਹੈ ਸਲੂਕ

ਲੁਧਿਆਣਾ : ‘ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਢੀਆਂ ਖਿਲਾਰੀ ਫਿਰੇਂ ਨੀ ਬੁੱਲ੍ਹੇ ਦੀਏ ਕਾਵੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ’ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਇਹ ਸਤਰਾਂ ਜਦੋਂ ਵੀ ਕੰਨਾਂ ਵਿਚ ਪੈਂਦੀਆਂ ਨੇ ਤਾਂ ਪਤਾ ਲਗਦਾ ਹੈ ਕਿ ਮਾਂ ਬੋਲੀ ਨੂੰ ਸਾਡੇ ਵਲੋਂ ਵਿਸਾਰੇ ਜਾਣ ਦਾ ਦਰਦ ਕਿਵੇਂ ਇਸ ਗੀਤ ਰਾਹੀਂ ਬਿਆਨ ਕੀਤਾ ਗਿਆ ਹੈ। ਅੱਜ ਮਾਂ ਬੋਲੀ ਦਿਵਸ ਹੈ ਪਰ ਮਾਂ ਬੋਲੀ ਪ੍ਰਤੀ ਸਾਡੀ ਬੇਰੁਖ਼ੀ ਨੇ ਰੋਜ਼ ਮਨਾਉਣ ਵਾਲੇ ਦਿਨ ਨੂੰ ਇਕ ਦਿਹਾੜੇ ਤਕ ਸੀਮਿਤ ਤਾਂ ਨਹੀਂ ਕਰ ਕੇ ਰੱਖ ਦਿਤਾ?

Punjabi language classes Punjabi language 

ਇਹ ਉਹ ਸਵਾਲ ਹੈ ਜਿਸ ਦਾ ਜਵਾਬ ਕਿਸੇ ਹੋਰ ਨੇ ਨਹੀਂ ਸਗੋਂ ਅਸੀ ਖ਼ੁਦ ਦੇਣਾ ਹੈ।  ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸਾਲ 2008 ਵਿਚ ਪੰਜਾਬ ਵਿਧਾਨ ਸਭਾ ਅੰਦਰ ਕਾਨੂੰਨ ਪਾਸ ਕੀਤਾ ਗਿਆ ਸੀ ਪਰ ਇਸ ਕਾਨੂੰਨ ਦਾ ਓਨਾ ਅਸਰ ਦੇਖਣ ਨੂੰ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ। ਪੰਜਾਬ ਦੇ ਕਈ ਸਰਕਾਰੀ ਅਦਾਰਿਆਂ ਵਿਚ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਅੱਜ ਵੀ ਅੰਗ੍ਰੇਜ਼ੀ ਭਾਰੂ ਹੈ ਅਤੇ ਇਸ ਦੇ ਲਈ ਸਰਕਾਰ ਨਾਲੋਂ ਜ਼ਿਆਦਾ ਸਰਕਾਰੀ ਤੰਤਰ ਨੂੰ ਜੇਕਰ ਜ਼ਿੰਮੇਦਾਰ ਕਿਹਾ ਜਾਵੇ ਤਾਂ ਸ਼ਾਇਦ ਕੋਈ ਅੱਤਕਥਨੀ ਨਹੀਂ ਹੋਵੇਗੀ।

Punjab Vidhan SabhaPunjab Vidhan Sabha

ਜ਼ਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਸੂਬੇ ਵਿਚ ਰਾਜ ਭਾਸ਼ਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸਾਲ 2008 ਵਿਚ ਪੰਜਾਬ ਵਿਧਾਨ ਸਭਾ ਵਿਚ ਦੋ ਕਾਨੂੰਨ ਪਾਸ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਇਕ ਵਿਚ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਬਾਰ੍ਹਵੀਂ ਜਮਾਤ ਤਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਤੇ ਦੂਜੇ ਵਿਚ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾ ਕੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੰਜਾਬੀ ਵਿਚ ਕਰਨਾ ਯਕੀਨੀ ਬਣਾਉਣਾ ਅਤੇ ਹੇਠਲੀਆਂ ਅਦਾਲਤਾਂ ਦਾ ਕੰਮ ਪੰਜਾਬੀ ਵਿਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ ਪਰ ਤਕਰੀਬਨ 12-13 ਸਾਲ ਬਾਅਦ ਵੀ ਇਸ ਮਸਲੇ ਦੀ ਹਕੀਕਤ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਪੰਜਾਬੀ ਮਾਂ ਬੋਲੀ ਨੂੰ ਉਸੇ ਤਰ੍ਹਾਂ ਹੀ ਅਣਗੌਲਿਆਂ ਕੀਤਾ ਜਾ ਰਿਹਾ ਹੈ। 

Punjabi LanguagePunjabi Language

ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਕੋਈ ਬੱਦਦੁਆ ਦੇਣੀ ਹੁੰਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਪਰ ਹੁਣ ਕੀ ਕਹੀਏ ਇਹ ਵੀ ਸਮਝ ਨਹੀਂ ਆਉਂਦਾ। ਸਰਕਾਰੀ ਅਦਾਰਿਆਂ ਦੀ ਗੱਲ ਕਰੀਏ ਤਾਂ ਅਜੇ ਵੀ ਕਈ ਅਦਾਰੇ ਪੰਜਾਬ ਵਿਚ ਅਜਿਹੇ ਹਨ ਜਿਥੇ ਪੰਜਾਬੀ ਤੇ ਅੰਗ੍ਰੇਜ਼ੀ ਭਾਰੂ ਹੈ। ਜਿਹੜੇ ਸਰਕਾਰੀ ਤੰਤਰ ਨੇ ਮਾਂ ਬੋਲੀ ਦੇ ਇਸ ਕਾਨੂੰਨ ਨੂੰ ਸਿਰੇ ਚੜ੍ਹਾਉਣਾ ਹੈ ਜੇਕਰ ਉਨ੍ਹਾਂ ਦਾ ਹੀ ਇਹ ਹਾਲ ਹੈ ਤਾਂ ਕਿਸ ਹੋਰ ਨੂੰ ਉਲਾਂਭਾ ਕਿਸ ਗੱਲ ਦਾ? ਗੱਲ ਇਥੇ ਹੀ ਨਹੀਂ ਮੁਕਦੀ, ਸੜਕਾਂ ਦੇ ਨਾਮ ਪੰਜਾਬੀ ਵਿਚ ਤਾਂ ਜ਼ਰੂਰ ਲਿਖੇ ਜਾਂਦੇ ਹਨ ਪਰ ਕਈ ਥਾਈਂ ਉਹ ਪੂਰੀ ਤਰ੍ਹਾਂ ਨਾਲ ਗ਼ਲਤ ਲਿਖੇ ਹੋਏ ਹੁੰਦੇ ਹਨ। 

Toll PlazaToll Plaza

ਪੰਜਾਬ ਦੇ ਟੋਲ ਪਲਾਜ਼ਿਆਂ ਉਤੇ ਵੀ ਕੁੱਝ ਅਜਿਹਾ ਹੀ ਹਾਲ ਵੇਖਣਨੂੰ ਮਿਲਦਾ ਹੈ। ਜੇਕਰ ਗੱਲ ਕਰੀਏ ਨਿਜੀ ਸਕੂਲਾਂ ਦੀ ਤਾਂ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਿਤ ਸਕੂਲ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾ ਤਾਂ ਰਹੇ ਹਨ ਪਰ ਇਨ੍ਹਾਂ ਸਕੂਲਾਂ ਵਿਚ ਅੰਗ੍ਰੇਜ਼ੀ ਭਾਸ਼ਾ ਦੇ ਬੋਲਬਾਲੇ ਕਾਰਨ ਪੰਜਾਬੀ ਬੋਲੀ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ ਸਗੋਂ ਇਹ ਲਗਾਤਾਰ ਚੱਲੀ ਆ ਰਹੀ ਉਹ ਗੱਲ ਹੈ ਜਿਸ ਦੇ ਲਈ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਅਜਿਹਾ ਹੋਣ ਤੋਂ ਰੋਕਿਆ ਜਾਵੇ। 

Open SchoolSchool

ਸੀ.ਬੀ.ਐਸ.ਈ. ਨਾਲ ਸਬੰਧਤ ਸਕੂਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਕੂਲਾਂ ਵਿਚ ਅੱਜ ਵੀ ਬਹੁਤਾ ਜ਼ੋਰ ਅੰਗ੍ਰੇਜ਼ੀ ’ਤੇ ਦਿਤਾ ਜਾ ਰਿਹਾ ਹੈ। ਪੰਜਾਬੀ ਵਿਸ਼ੇ ਨੂੰ ਤਾਂ ਐਵੇਂ ਹੀ ਵਾਧੂ ਵਿਸ਼ੇ ਵਜੋਂ ਲਿਆ ਜਾ ਰਿਹਾ ਹੈ। ਇਨ੍ਹਾਂ ਨਿਜੀ ਸਕੂਲਾਂ ਦੇ ਬਾਹਰ ਖ਼ੂਬਸੂਰਤ ਬਣੇ ਗੇਟਾਂ ਤੇ ਬੋਰਡਾਂ ’ਤੇ ਅੰਗਰੇਜ਼ੀ ਵਿਚ ਇਨ੍ਹਾਂ ਸਕੂਲਾਂ ਦੇ ਨਾਮ ਬਹੁਤ ਖ਼ੂਬਸੂਰਤ ਢੰਗ ਨਾਲ ਲਿਖੇ ਨਜ਼ਰੀ ਪੈਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਸਕੂਲਾਂ ਵਿਚ ਅੱਜ ਵੀ ਅੰਗ੍ਰਜ਼ੀ ਅਤੇ ਹਿੰਦੀ ਵਿਚ ਹੀ ਗੱਲਬਾਤ ਕਰਨ ਨੂੰ ਤਰਜੀਹ ਦਿਤੀ ਜਾਂਦੀ ਹੈ। ਇਹ ਸਟੇਟਸ ਸਿੰਬਲ ਹੀ ਬਣਿਆ ਕਿਹਾ ਜਾ ਸਕਦਾ ਹੈ ਕਿ ਅਸੀ ਅਪਣੀ ਮਾਂ ਬੋਲੀ ਨੂੰ ਵਿਸਾਰ ਕੇ ਹੋਰਨਾਂ ਭਾਸ਼ਾਵਾਂ ਨੂੰ ਤਰਜੀਹ ਦੇ ਰਹੇ ਹਾਂ। 

Punjabi Language Punjabi Language

ਭਾਸ਼ਾ ਗਿਆਨ ਬਹੁਤ ਵਧੀਆ ਹੈ ਅਤੇ ਜਿੰਨੀਆਂ ਭਾਸ਼ਾਵਾਂ ਆਉਂਦੀਆਂ ਹੋਣ ਓਨੀਆਂ ਹੀ ਵਧੀਆ ਨੇ ਪਰ ਅਪਣੀ ਮਾਂ ਬੋਲੀ ਦੀ ਕੀਮਤ ਤੇ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਜਾਂ ਬੋਲਣੀਆਂ ਕਿੰਨੀਂ ਕੁ ਵਧੀਆ ਗੱਲ ਹੈ, ਇਹ ਜ਼ਰੂਰ ਸੋਚਣ ਦਾ ਵਿਸ਼ਾ ਹੈ। ਅੱਜ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ, ਪੰਜਾਬੀ ਮਾਂ ਬੋਲੀ ਦੇ ਰਾਖੇ ਅੱਜ ਵੀ ਮਾਂ ਬੋਲੀ ਦੇ ਸਤਿਕਾਰ ਵਿਚ ਅਪੀਲਾਂ ਕਰਨਗੇ ਪਰ ਉਹ ਅਪੀਲਾਂ ਤਾਂ ਹੀ ਸਾਰਥਕ ਸਿੱਟੇ ਦੇਣਗੀਆਂ ਜਦੋਂ ਅਸੀਂ ਸਾਰੇ ਪੰਜਾਬੀ ਅਪਣਾ ਫ਼ਰਜ਼ ਸਮਝਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਆਂਗੇ ਅਤੇ ਅਪਣੇ ਕੰਮਾਂ ਜਾਂ ਬੋਲਚਾਲ ਵਿਚ ਮਾਂ ਬੋਲੀ ਪੰਜਾਬੀ ਨੂੰ ਤਰਜੀਹ ਦਿਆਂਗੇ। 

Punjabi Maa BoliPunjabi Maa Boli

ਜਿਹੜੀ ਰੋਜ਼ੀ ਨਹੀਂ ਦੇ ਸਕਦੀ, ਉਹ ਮਾਂ ਬੋਲੀ ਨਹੀਂ ਹੋ ਸਕਦੀ : ਦੇਸਰਾਜ ਕਾਲੀ

ਪੰਜਾਬੀ ਦੇ ਲੇਖਕ, ਚਿੰਤਕ ਤੇ ਵਿਸ਼ਲੇਸ਼ਕ ਦੇਸਰਾਜ ਕਾਲੀ ਕਹਿੰਦੇ ਨੇ ਕਿ, ‘ਜਿਹੜੀ ਰੋਜ਼ੀ ਨਹੀਂ ਦੇ ਸਕਦੀ ਉਹ ਮਾਂ ਬੋਲੀ ਨਹੀਂ ਹੋ ਸਕਦੀ’ ਅਤੇ ਇਸ ਵਿੱਚ ਕੋਈ ਲਾਗ-ਲਪੇਟ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਕਿਸੇ ਵੀ ਫੌਂਟ ਨੂੰ ਕਨਵਰਟਰ ਰਾਹੀਂ ਯੁਨੀਕੋਡ ਆਦਿ ਵਿਚ ਪਹਿਲਾਂ ਆਸਾਨੀ ਨਾਲ ਕੀਤਾ ਜਾ ਸਕਦਾ ਸੀ ਜੋ ਕਿ ਹੁਣ ਜਾਂ ਤਾਂ ਹੋ ਹੀ ਨਹੀਂ ਰਿਹਾ ਅਤੇ ਜਾਂ ਫਿਰ ਪੇਡ ਕਰ ਦਿਤਾ ਗਿਆ ਹੈ।

Des Raj KaliDes Raj Kali

ਉਨ੍ਹਾਂ ਕਿਹਾ ਕਿ ਪੇਡ ਜ਼ਰੂਰੀ ਨਹੀਂ ਕਿ ਪੈਸੇ ਹੀ ਲਏ ਜਾਣ, ਪੇਡ ਦੇ ਢੰਗ ਕੁੱਝ ਹੋਰ ਵੀ ਸਕਦੇ ਹਨ ਜਿਵੇਂ ਕਿ ਅਪਣੀ ਮੇਲ-ਆਈਡੀ ਰਾਹੀਂ ਰਜਿਸਟਰ ਹੋਵੇ ਵਗ਼ੈਰਾ-ਵਗ਼ੈਰਾ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਸਾਈਬਰ ਹਮਲਾ ਹੋ ਗਿਆ ਤੇ ਸਾਨੂੰ, ਪੰਜਾਬੀ ਮਾਂ ਬੋਲੀ ਦੇ ‘ਅਲੰਬਰਦਾਰਾਂ’ ਨੂੰ ਨਾ ਤਾਂ ਇਹ ਹਮਲਾ ਦਿਖਾਈ ਦਿਤਾ ਅਤੇ ਨਾ ਹੀ ਦਿਖਾਈ ਦੇ ਰਿਹਾ ਹੈ। ਇਹੋ ਵਜ੍ਹਾ ਹੈ ਕਿ ਸਾਨੂੰ ਸਪੂਤ ਨਹੀਂ ਕਿਹਾ ਜਾ ਸਕਦਾ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement