
ਜਿਥੇ ਸਮੁੱਚੇ ਪੰਜਾਬ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ 25 ਅਗੱਸਤ ਦੀ ਪੇਸ਼ੀ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਪ੍ਰੇਸ਼ਾਨ ਹੈ..
ਪਟਿਆਲਾ, 22 ਅਗੱਸਤ (ਰਣਜੀਤ ਰਾਣਾ ਰੱਖੜਾ) : ਜਿਥੇ ਸਮੁੱਚੇ ਪੰਜਾਬ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ 25 ਅਗੱਸਤ ਦੀ ਪੇਸ਼ੀ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਪ੍ਰੇਸ਼ਾਨ ਹੈ, ਉਥੇ ਹੀ ਪੰਜਾਬ ਦੇ ਪੁਲਿਸ ਵਿਭਾਗ ਨੇ ਮੋਹਾਲੀ ਦੇ ਕ੍ਰਿਕੇਟ ਸਟੇਡੀਅਮ ਨੂੰ ਆਰਜ਼ੀ ਜੇਲ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਅੱਜ ਇਥੇ ਮਿਲੇ ਹੋਮ ਸੈਕਟਰੀ ਵਲੋਂ ਜਾਰੀ ਕੀਤੇ ਇਕ ਪੱਤਰ ਅਨੁਸਾਰ ਸੌਦਾ ਸਾਧ ਦੀ 25 ਅਗੱਸਤ ਨੂੰ ਹੋਣ ਵਾਲੀ ਪੇਸ਼ੀ ਬਾਬਤ ਪੰਜਾਬ ਦੀ ਪੁਲਿਸ ਨੇ ਪੂਰੀ ਚੌਕਸੀ ਦਿਖਾਈ ਹੈ। ਇਸ ਦੌਰਾਨ 25 ਅਗੱਸਤ ਨੂੰ ਕ੍ਰਿਕੇਟ ਸਟੇਡੀਅਮ ਮੋਹਾਲੀ ਨੂੰ ਆਰਜ਼ੀ ਜੇਲ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 25 ਅਗੱਸਤ ਨੂੰ ਜੇਕਰ ਅਦਾਲਤ ਦਾ ਫ਼ੈਸਲਾ ਡੇਰਾ ਸਿਰਸਾ ਮੁਖੀ ਵਿਰੁਧ ਆ ਜਾਂਦਾ ਹੈ ਤਾਂ ਉਸ ਵੇਲੇ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ 'ਤੇ ਹਾਲਾਤ ਬਹੁਤ ਹੀ ਮਾੜੇ ਹੋ ਸਕਦੇ ਹਨ ਜਿਸ ਕਰ ਕੇ ਪੰਜਾਬ ਪੁਲਿਸ ਨੇ ਪੂਰੀ ਤਰ੍ਹਾਂ ਮੁਸ਼ਤੈਦੀ ਕੀਤੀ ਹੈ। ਪੁਲਿਸ ਕੋਲ ਪੁੱਜੀਆਂ ਰੀਪੋਰਟਾਂ ਅਨੁਸਾਰ ਡੇਰਾ ਸਿਰਸਾ ਦੇ ਪੈਰੋਕਾਰ ਅਪਣੇ ਮੁਖੀ ਗੁਰਮੀਤ ਰਾਮ ਰਹੀਮ ਦੇ ਪੱਖ ਵਿਚ ਕੋਈ ਵੀ ਖ਼ਤਰਨਾਕ ਤੋਂ ਖ਼ਤਰਨਾਕ ਕਦਮ ਚੁਕਣ ਲਈ ਤਿਆਰ ਹਨ।
ਪੁਲਿਸ ਨੂੰ ਮਿਲੀਆਂ ਇਨ੍ਹਾਂ ਰੀਪੋਰਟਾਂ ਵਿਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਪੰਜਾਬ ਵਿਚ ਦੰਗੇ ਵੀ ਹੋ ਸਕਦੇ ਹਨ, ਜਿਸ ਤਹਿਤ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਵੀ ਡਰ ਹੈ ਜਿਸ ਤਹਿਤ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਆਰਜ਼ੀ ਜੇਲਾਂ ਬਣਾਉਣ ਦਾ ਪੰਜਾਬ ਪੁਲਿਸ ਨੇ ਪ੍ਰੋਗਰਾਮ ਬਣਾਇਆ ਹੈ। ਅਜਿਹਾ ਪੱਤਰ ਪੰਜਾਬ ਦੇ ਹੋਮ ਸੈਕਟਰੀ ਅਨੁਰਾਗ ਅਗਰਵਾਲ ਵਲੋਂ ਜਾਰੀ ਕੀਤਾ ਗਿਆ ਹੈ।