
ਕਿਹਾ, ਸਾਰੀਆਂ ਵਿਰੋਧੀ ਪਾਰਟੀਆਂ ਜੇਕਰ ਇਕੱਠੀਆਂ ਵੀ ਹੋ ਜਾਣ ਤਾਂ ਵੀ ਇਸ ਕਾਬਲ ਨਹੀਂ ਹਨ ਕਿ ਉਨ੍ਹਾਂ ਦਾ ਇੱਕ ਵੀ ਮੈਂਬਰ ਰਾਜ ਸਭਾ ਵਿਚ ਜਾ ਸਕੇ
ਚੰਡੀਗੜ੍ਹ : ਜਦੋਂ ਪੰਜਾਬ ਦੀ ਜਨਤਾ ਨੇ ਵਿਰੋਧੀ ਧਿਰਾਂ ਹੀ ਖ਼ਤਮ ਕਰ ਦਿਤੀਆਂ ਹਨ ਤਾਂ ਉਨ੍ਹਾਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਇੱਕ ਹੀ ਜਵਾਬ ਹੈ ਕਿ ਉਹ ਸਿਰਫ਼ ਆਪੋ-ਆਪਣੀ ਪਾਰਟੀ ਹੀ ਸੰਭਾਲ ਲੈਣ, ਉਹ ਹੀ ਬਹੁਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਸਨ ਉਨ੍ਹਾਂ ਵਿਚੋਂ ਸਵਾ ਸੌ ਸਾਲ ਪੁਰਾਣੀ ਕਾਂਗਰਸ ਪਾਰਟੀ ਅੱਜ ਹਾਸ਼ੀਏ 'ਤੇ ਪਹੁੰਚ ਗਈ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ 1920 'ਚ ਬਣਿਆ ਸੀ ਪਰ ਅੱਜ ਮਹਿਜ਼ ਤਿੰਨ ਸੀਟਾਂ 'ਤੇ ਹੀ ਸੀਮਤ ਰਹਿ ਗਿਆ ਹੈ। ਵਿਰੋਧੀ ਪਾਰਟੀਆਂ ਦੀ ਮਾੜੀ ਸੋਚ ਅਤੇ ਗ਼ਲਤ ਨੀਤੀਆਂ ਕਾਰਨ ਹੀ ਉਨ੍ਹਾਂ ਦਾ ਇਹ ਹਾਲ ਹੈ ਅਤੇ ਕਿਰਪਾ ਕਰ ਕੇ ਸਾਨੂੰ ਸਾਡੀ ਪਾਰਟੀ ਵਿਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਸ ਬਾਰੇ ਸੁਝਾਅ ਨਾ ਦੇਣ। ਅਸੀਂ ਜੋ ਵੀ ਕਰਾਂਗੇ ਉਹ ਪੰਜਾਬ ਦੇ ਹਿੱਤ ਵਿਚ ਸੋਚ ਸਮਝ ਕੇ ਹੀ ਪਾਰਟੀ ਫ਼ੈਸਲਾ ਕਰੇਗੀ।
ਜਦੋਂ ਪੱਤਰਕਾਰਾਂ ਨੇ ਵਿਰੋਧੀ ਧਿਰਾਂ ਵਲੋਂ ਚੁੱਕੇ ਸਵਾਲਾਂ ਦਾ ਜ਼ਿਕਰ ਕੀਤਾ ਤਾਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ 'ਆਪ' ਦੇ 92 ਵਿਧਾਇਕਾਂ ਨੂੰ ਚੁਣਿਆ ਹੈ ਅਤੇ ਹੁਣ ਇਹ ਉਨ੍ਹਾਂ ਵਿਧਾਇਕਾਂ ਦਾ ਹੀ ਫ਼ੈਸਲਾ ਹੈ। ਰਾਜ ਸਭਾ ਲਈ 'ਆਪ' ਵਲੋਂ ਨਾਮਜ਼ਦ ਕੀਤੇ ਮੈਂਬਰਾਂ ਬਾਰੇ ਰਾਜਾ ਵੜਿੰਗ ਦੇ ਕੀਤੇ ਵਿਰੋਧ ਬਾਰੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਲਿਖੀ ਚਿੱਠੀ ਦੀ ਹੁਣ ਕੋਈ ਅਹਿਮੀਅਤ ਨਹੀਂ ਹੈ। ਸਗੋਂ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਚਿੱਠੀ ਲਿਖਣੀ ਚਾਹੀਦੀ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਕੀ ਕਾਰਨ ਰਿਹਾ ਹੈ ਕਿ ਹਨ ਕਾਂਗਰਸ ਪਾਰਟੀ ਪੰਜਾਬ ਤੋਂ ਰਾਜ ਸਭਾ ਵਿਚ ਇੱਕ ਮੈਂਬਰ ਭੇਜਣ ਦੇ ਵੀ ਕਾਬਲ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਣ ਦੀ ਬਜਾਏ ਆਪਣੀ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖਣ ਅਤੇ ਆਪਣੀ ਪਾਰਟੀ ਬਾਰੇ ਵਿਚਾਰ ਚਰਚਾ ਕਰਨ। ਸਾਡੀ ਪਾਰਟੀ ਦੇ ਫ਼ੈਸਲਿਆਂ 'ਤੇ ਕਿੰਤੂ ਪ੍ਰੰਤੂ ਬਿਲਕੁਲ ਨਾ ਕਰਨ। ਅਮਨ ਅਰੋੜਾ ਨੇ ਕਿਹਾ ਕਿ ਮੈਂ 'ਆਪ' ਦਾ ਸਿਪਾਹੀ ਹੋਣ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਤੋਂ ਵਿਰੋਧੀ ਧਿਰਾਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਨਾ ਪੁੱਛਿਆ ਜਾਵੇ ਕਿਉਂਕਿ ਪੰਜਾਬ ਦੀ ਜਨਤਾ ਨੇ 'ਆਪ' ਨੂੰ ਫਤਵਾ ਦਿਤਾ ਹੈ ਅਤੇ ਵਿਰੋਧੀ ਪਾਰਟੀਆਂ ਦਾ ਮਲੀਆਮੇਟ ਕਰ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਜੇਕਰ ਇਕੱਠੀਆਂ ਵੀ ਹੋ ਜਾਣ ਤਾਂ ਵੀ ਇਸ ਕਾਬਲ ਨਹੀਂ ਹਨ ਕਿ ਉਨ੍ਹਾਂ ਦਾ ਇੱਕ ਵੀ ਮੈਂਬਰ ਰਾਜ ਸਭਾ ਵਿਚ ਜਾ ਸਕੇ।