
ਕੋਰੋਨਾ ਹੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕੇ ਲੁਧਿਆਣਾ ਦੇ ਏਸੀਪੀ ਮਰਹੂਮ ਅਨਿਲ ਕੋਹਲੀ ਦੇ ਡਰਾਈਵਰ ਪੁਲਿਸ
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਦਰਸ਼ਨ ਸਿੰਘ ਚੌਹਾਨ): ਕੋਰੋਨਾ ਹੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕੇ ਲੁਧਿਆਣਾ ਦੇ ਏਸੀਪੀ ਮਰਹੂਮ ਅਨਿਲ ਕੋਹਲੀ ਦੇ ਡਰਾਈਵਰ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਨਜ਼ਦੀਕੀ ਪਿੰਡ ਜਖੇਪਲ ਦੇ ਵਸਨੀਕ ਪੁਲਿਸ ਮੁਲਾਜਮ ਪਰਮਜੀਤ ਸਿੰਘ ਨੂੰ ਦੋ ਦਿਨ ਪਹਿਲਾਂ ਕੋਰੋਨਾ ਦੇ ਸ਼ੱਕ ਦੇ ਆਧਾਰ ਤੇ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਸਥਾਪਤ ਕੀਤੇ ਆਈਸੋਲੇਸ਼ਨ ਵਾਰਡ ਵਿਚ ਆਈਸੋਲੇਟ ਕਰ ਕੇ ਜਾਂਚ ਲਈ ਮੁੜ ਸੈਂਪਲ ਲੈ ਕੇ ਲੈਬੋਰਟਰੀ ਵਿਚ ਭੇਜੇ ਗਏ ਸਨ।
File photo
ਉਕਤ ਕਰਮਚਾਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਕਾਰਨ ਸੁਨਾਮ ਖ਼ਾਸ ਕਰ ਕੇ ਪਿੰਡ ਜਖੇਪਲ ਦੇ ਲੋਕਾਂ ਲਈ ਰਾਹਤ ਭਰੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਦਸਿਆ ਕਿ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਲੁਧਿਆਣਾ ਦੇ ਏ ਸੀ ਪੀ ਮਰਹੂਮ ਅਨਿਲ ਕੋਹਲੀ ਦੇ ਡਰਾਈਵਰ ਪਿੰਡ ਚੌਵਾਸ ਜਖੇਪਲ ਦੇ ਵਸਨੀਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਕੌਹਰੀਆਂ ਦੀ ਟੀਮ ਵਲੋਂ ਕੋਰੋਨਾ ਵਾਇਰਸ ਦੇ ਸ਼ੱਕ ਦੇ ਅਧਾਰ ਤੇ ਸਥਾਨਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਆਈਸੋਲੇਟ ਕੀਤਾ ਗਿਆ ਸੀ
ਜਿਸ ਦੀ ਰੀ-ਸੈਂਪਲਿੰਗ ਕਰ ਕੇ ਨਮੂਨੇ ਜਾਂਚ ਲਈ ਲੈਬੋਰਟਰੀ ਨੂੰ ਭੇਜੇ ਗਏ ਸਨ। ਡਾਕਟਰ ਸ਼੍ਰੀ ਕਾਮਰਾ ਨੇ ਦਸਿਆ ਕਿ ਪੁਲਿਸ ਕਰਮਚਾਰੀ ਦੀ ਹੁਣ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਡਾ. ਕਾਮਰਾ ਨੇ ਦਸਿਆ ਕਿ ਹੁਣ ਤਕ ਸਥਾਨਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਵਾਇਰਸ ਦੇ ਦਸ ਸ਼ੱਕੀ ਮਰੀਜ਼ ਆਏ ਸਨ ਜਿਨ੍ਹਾਂ ਸਾਰਿਆਂ ਦੀ ਹੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਇਕ ਔਰਤ ਨੂੰ ਹਸਪਤਾਲ ਦੇ ਡਾਕਟਰਾਂ ਵਲੋਂ ਹੀ ਜਾਂਚ ਕਰਨ ਉਪਰੰਤ ਘਰ ਭੇਜ ਦਿਤਾ ਗਿਆ ਸੀ ਕਿਉਂਕਿ ਉਸ ਮਹਿਲਾ ਵਿਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਸੀ।