
ਕੁੱਲ ਪਾਜ਼ੇਟਿਵ ਮਾਮਲੇ ਹੋਏ 2011, ਠੀਕ ਹੋਏ 1794
ਚੰਡੀਗੜ੍ਹ, 20 ਮਈ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਹੁਣ ਪਿਛਲੇ ਤਿੰਨ ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਵਧਣ ਲੱਗੀ ਹੈ। ਅੱਜ 2 ਹੋਰ ਕੋਰੋਨਾ ਪੀੜਤਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 40 ਤਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ 3 ਦਿਨਾਂ ਦੌਰਾਨ ਵੀ ਕੋਰੋਨਾ ਪੀੜਤ ਮਰੀਜ਼ਾਂ ਦੀਆਂ 6 ਮੌਤਾਂ ਹੋ ਚੁੱਕੀਆਂ ਹਨ। 24 ਘੰਟਿਆਂ ਦੌਰਾਨ 9 ਹੋਰ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਕੁੱਝ ਗਿਣਤੀ 2011 ਤਕ ਪਹੁੰਚ ਗਈ ਹੈ। 152 ਮਰੀਜ਼ ਅੱਜ ਠੀਕ ਵੀ ਹੋਏ ਹਨ ਅਤੇ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਹੁਣ 1794 ਤਕ ਪਹੁੰਚ ਗਈ ਹੈ। ਪਿਛਲੇ 24 ਘੰਟੇ ਦੌਰਾਨ ਅਮ੍ਰਿਤਸਰ ਤੋਂ 5, ਜਲੰਧਰ ਤੋਂ 3 ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ 1 ਹੋਰ ਪਾਜ਼ੇਟਿਵ ਕੇਸ ਆਇਆ ਹੈ। ਇਸ ਸਮੇਂ ਇਲਾਜ ਅਧੀਨ 173 ਮਰੀਜ਼ਾਂ 'ਚੋਂ 1 ਵੈਂਟੀਲੇਟਰ 'ਤੇ ਹੈ। ਭਾਵੇਂ ਪਿਛਲੇ ਕੁੱਝ ਦਿਨਾਂ ਵਿਚ ਪਾਜ਼ੇਟਿਵ ਮਾਮਲਿਆਂ ਵਿਚ ਕਾਫ਼ੀ ਗਿਰਾਵਟ ਆਈ ਸੀ ਪਰ ਹੁਣ ਮੁੜ ਕਈ ਜ਼ਿਲ੍ਹਿਆਂ ਤੋਂ ਨਵੇਂ ਮਾਮਲੇ ਵੱਧ ਰਹੇ ਹਨ।
ਜਲੰਧਰ 'ਚ 7ਵੀਂ ਮੌਤ, ਦੋ ਨਵੇਂ ਮਾਮਲੇ ਆਏ
ਜਲੰਧਰ, 20 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਮਰੀਜ਼ ਦੀ ਪਛਾਣ 69 ਸਾਲਾ ਸੰਤੋਸ਼ ਕੁਮਾਰੀ ਵਾਸੀ ਈਸ਼ਵਰ ਕਾਲੋਨੀ ਬਸਤੀ ਸ਼ੇਖ ਵਜੋਂ ਹੋਈ ਹੈ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਿੰਦਰ ਪਾਲ ਸਿੰਘ ਨੇ ਦਸਿਆ ਕਿ ਉਕਤ ਮਰੀਜ਼ ਦੀ ਰੀਪੋਰਟ 13 ਮਈ ਨੂੰ ਪਾਜ਼ੇਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਸੰਤੋਸ਼ ਕੁਮਾਰੀ ਕਿਡਨੀ ਦੀ ਬੀਮਾਰੀ ਕਾਰਨ ਸ਼ਹਿਰ ਦੇ ਕਿਡਨੀ ਹਸਪਤਾਲ 'ਚ ਦਾਖ਼ਲ ਸੀ। ਇਲਾਜ ਦੌਰਾਨ ਉਸ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਕੋਰੋਨਾ ਦਾ ਟੈਸਟ ਕਰਵਾਇਆ ਗਿਆ ਸੀ ਤੇ ਉਹ ਪਾਜ਼ੇਟਿਵ ਆਈ ਸੀ।
File photo
ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦਸਿਆ ਕਿ ਬੀਤੀ ਰਾਤ ਸੰਤੋਸ਼ ਕੁਮਾਰੀ ਦਾ ਡਾਇਲਸਿਸ ਕੀਤਾ ਜਾ ਰਿਹਾ ਸੀ ਤਾਂ ਉਸ ਦੀ ਹਾਲਤ ਗੰਭੀਰ ਹੋ ਗਈ ਸੀ। ਅੱਜ ਸਵੇਰੇ ਤੜਕੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 40 ਹੋ ਗਈ ਹੈ। ਅੱਜ ਦੋ ਹੋਰ ਸ਼ੱਕੀ ਮਰੀਜ਼ਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 216 ਹੋ ਗਈ ਹੈ। ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ ਪਿੰਡ ਡਮੂੰਡਾ, ਆਦਮਪੁਰ ਦਾ ਇਕ 26 ਸਾਲ ਦਾ ਵਿਅਕਤੀ, ਜੋ ਵਿਦੇਸ਼ ਤੋਂ ਆ ਕੇ ਗੁਰਾਇਆ ਦੇ ਕੁਆਰਨਟੀਨ ਸੈਂਟਰ 'ਚ ਠਹਿਰਿਆ ਹੋਇਆ ਸੀ ਅਤੇ ਕਰੋਲ ਬਾਗ ਜਲੰਧਰ ਦਾ ਰਹਿਣ ਵਾਲਾ 49 ਸਾਲ ਦਾ ਆਰ.ਪੀ.ਐਫ਼ ਦਾ ਜਵਾਨ, ਜੋ ਲੁਧਿਆਣਾ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਹੈ, ਸ਼ਾਮਲ ਹਨ।
ਅੰਮ੍ਰਿਤਸਰ : ਤਿੰਨ ਹੋਰ ਮਾਮਲੇ
ਅੰਮ੍ਰਿਤਸਰ, 20 ਮਈ (ਪ.ਪ.) : ਅੰਮ੍ਰਿਤਸਰ ਵਿਚ ਗੁਜਰਾਤ ਤੋਂ ਆਏ 45 ਸਾਲਾ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਪਿੰਡ ਦਨਿਆਲ ਤਹਿਸੀਲ ਬਾਬਾ ਬਕਾਲਾ ਦਾ ਰਹਿਣ ਵਾਲਾ ਇਹ ਵਿਅਕਤੀ ਕੁੱਝ ਦਿਨ ਪਹਿਲਾਂ ਹੀ ਗੁਜਰਾਤ ਤੋਂ ਆਇਆ ਸੀ। ਇਸ ਤੋਂ ਇਲਾਵਾ ਅੱਜ ਦੋ ਹੋਰ ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ।
ਲੁਧਿਆਣਾ : ਦੋ ਮਾਮਲੇ ਆਏ
ਲੁਧਿਆਣਾ, 20 ਮਈ (ਪਪ) : ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਅੱਜ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਪੀੜਤਾਂ ਵਿਚ ਇਕ ਲੁਧਿਆਣਾ ਨਾਲ ਸਬੰਧਤ ਨੌਜਵਾਨ ਹੈ ਜਿਸ ਦੇ ਪਹਿਲਾਂ ਪਿਤਾ ਮਾਂ ਅਤੇ ਭਰਾ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਜਾ ਚੁੱਕਿਆ ਹੈ। ਦੂਜਾ ਮਰੀਜ਼ ਰੇਲਵੇ ਸੁਰੱਖਿਆ ਪੁਲਿਸ ਮੁਲਾਜ਼ਮ ਹੈ ਜਿਸ ਦਾ ਸਬੰਧ ਹਰਿਆਣਾ ਰਾਜ ਨਾਲ ਹੈ।
ਤਪਾ ਮੰਡੀ : ਇਕ ਮਾਮਲਾ
ਤਪਾ ਮੰਡੀ, 20 ਮਈ (ਬੰਟੀ/ਸਿੰਗਲਾ) : ਤਪਾ ਦੇ ਨੇੜਲੇ ਪਿੰਡ ਤਾਜੋਕੇ ਵਿਖੇ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਦੇ ਆਉਣ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ।
ਪਟਿਆਲਾ : ਇਕ ਮਾਮਲਾ
ਪਟਿਆਲਾ, 20 ਮਈ (ਤੇਜਿੰਦਰ ਫ਼ਤਿਹਪੁਰ) : ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 156 ਸੈਂਪਲਾਂ ਵਿਚੋਂ 151 ਕੇਸਾਂ ਦੀ ਪ੍ਰਾਪਤ ਹੋਈ ਲੈਬ ਰਿਪੋਰਟ ਵਿਚੋਂ 150 ਸੈਂਪਲਾਂ ਦੀ ਰੀਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਇਕ ਕੋਵਿਡ ਪਾਜ਼ੇਟਿਵ ਪਾਈ ਗਈ ਹੈ। ਐਸ.ਐਸ.ਟੀ. ਨਗਰ ਦਾ ਰਹਿਣ ਵਾਲਾ 28 ਸਾਲਾ ਵਿਅਕਤੀ ਜੋ ਕਿ ਪਿਛਲੇ ਦਿਨੀ ਮੁੰਬਈ ਤੋਂ ਵਾਪਸ ਪਰਤਿਆ ਸੀ।
ਦਾ ਸੈਂਪਲ ਲਿਆ ਗਿਆ ਸੀ ਜੋ ਕਿ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ।
ਕੁੱਲ ਸੈਂਪਲ : 7737
ਨੈਗੇਟਿਵ : 1596
ਲੰਬਿਤ ਸੈਂਪਲ : 3776
ਕੁੱਲ ਠੀਕ ਹੋਏ : 1794
ਇਲਾਜ ਅਧੀਨ : 173
ਪਾਜ਼ੇਟਿਵ ਅੰਕੜੇ : 2011