
ਸੂਬੇ ਦੇ ਸਰਕਾਰੀ ਕਾਲਜ ਵਿਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਤਰਜ਼ 'ਤੇ ਜਣੇਪਾ ਛੁੱਟੀ ਦਾ ਲਾਭ ਦੇਣ
ਚੰਡੀਗੜ੍ਹ, 20 ਮਈ : ਸੂਬੇ ਦੇ ਸਰਕਾਰੀ ਕਾਲਜ ਵਿਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਤਰਜ਼ 'ਤੇ ਜਣੇਪਾ ਛੁੱਟੀ ਦਾ ਲਾਭ ਦੇਣ ਨਾਲ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਕਾਲਜ ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਇਹ ਸਹੂਲਤ ਪ੍ਰਦਾਨ ਕਰਨ ਲਈ ਅੱਜ ਉਚੇਰੀ ਸਿਖਿਆ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਵਿਸੇਸ਼ ਧਨਵਾਦ ਕੀਤਾ। ਇਸ ਸਬੰਧੀ ਉਚੇਰੀ ਸਿਖਿਆ ਮੰਤਰੀ ਨੇ ਕਿਹਾ ਕਿ ਗੈਸਟ ਫੈਕਲਟੀ ਲੈਕਚਰਾਰਾਂ ਦੀ ਇਹ ਬਹੁਤ ਹੀ ਜਾਇਜ਼ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਸ ਛੁੱਟੀ ਦਾ ਲਾਭ ਸਰਕਾਰੀ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਮਿਲ ਰਿਹਾ ਸੀ, ਉਸੇ ਤਰਜ਼ 'ਤੇ ਗੈਸਟ ਫੈਕਲਟੀ ਲੈਕਦਰਾਰਾਂ ਨੂੰ ਮੈਟਰਨਿਟੀ ਬੈਨੀਫਿਟ ਐਕਟ 1961 ਅਨੁਸਾਰ ਵੱਧ ਤੋਂ ਵੱਧ 180 ਦਿਨ ਜਣੇਪਾ ਛੁੱਟੀ ਦੇਣ ਦਾ ਫ਼ੈਸਲਾ ਕੀਤਾ ਹੈ।
File photo
ਇਸ ਮੌਕੇ ਸ. ਬਾਜਵਾ ਦਾ ਧਨਵਾਦ ਕਰਦਿਆਂ ਸਰਕਾਰੀ ਕਾਲਜ ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਨੇ ਕਿਹਾ ਕਿ ਉਚੇਰੀ ਸਿਖਿਆ ਮੰਤਰੀ ਵਲੋਂ ਹਮੇਸ਼ਾ ਹੀ ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ ਦੀ ਦੀਆਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਉਚੇਰੀ ਸਿਖਿਆ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਗੈਸਟ ਫੈਕਲਟੀ ਲੈਕਚਰਾਰਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ, ਜਿਨ੍ਹਾਂ ਦਾ ਸਾਕਾਰਾਤਮਕ ਹੱਲ ਕੱਢਣ ਲਈ ਯਤਨ ਜਾਰੀ ਹਨ।
ਇਸ ਮੌਕੇ ਉੱਚੇਰੀ ਸਿਖਿਆ ਮੰਤਰੀ ਦਾ ਧਨਵਾਦ ਕਰਨ ਵਾਲਿਆਂ ਵਿਚ ਸਰਕਾਰੀ ਕਾਲਜ ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰੋਫ਼ੈਸਰ ਹਰਮਿੰਦਰ ਸਿੰਘ ਡਿੰਪਲ, ਸੂਬਾ ਸਕੱਤਰ ਗੁਲਸ਼ਨ ਦੀਪ, ਮਾਲਵਾ ਜ਼ੋਨ-1 ਦੇ ਪ੍ਰਧਾਨ ਅਰਮਿੰਦਰ ਸਿੰਘ, ਮਾਲਵਾ ਜ਼ੋਨ-2 ਦੇ ਪ੍ਰਧਾਨ ਹੁਕਮ ਚੰਦ, ਦੁਆਬਾ ਜ਼ੋਨ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਝਾ ਜ਼ੋਨ ਦੇ ਪ੍ਰਧਾਨ ਜੋਗਾ ਸਿੰਘ, ਸੈਟਰਲ ਜ਼ੋਨ ਦੇ ਪ੍ਰਧਾਨ ਫਲਵਿੰਦਰ ਸਿੰਘ ਤੋਂ ਇਲਵਾ ਪ੍ਰੋ. ਲਖਵਿੰਦਰ ਸਿੰਘ, ਡਿੰਪਲ ਧੀਰ, ਰਵਨੀਤ ਕੌਰ, ਸੋਨੀਆ ਰਾਣੀ ਅਤੇ ਜਸਪ੍ਰੀਤ ਕੌਰ ਸ਼ਾਮਲ ਸਨ।