
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਨੇ ਵੱਖ-ਵੱਖ ਦਵਾਈਆਂ..........
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਨੇ ਵੱਖ-ਵੱਖ ਦਵਾਈਆਂ ਵਾਲੀਆਂ ਦੁਕਾਨਾਂ ਦੀ ਜਾਂਚ ਆਰੰਭੀ ਹੋਈ ਹੈ। ਇਹ ਜਾਂਚ ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼ ਦਿਨੇਸ਼ ਗੁਪਤਾ ਵੱਲੋਂ ਬਣਾਈਆਂ ਡਰੱਗ ਕੰਟਰੋਲ ਅਫ਼ਸਰਾਂ ਦੀਆਂ ਅਗਵਾਈ ਵਾਲੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਦੀ ਅਗਵਾਈ ਸੁਖਬੀਰ ਚੰਦ, ਰੂਪ ਪ੍ਰੀਤ ਕੌਰ, ਰਵੀ ਗੁਪਤਾ, ਰੁਪਿੰਦਰ ਕੌਰ, ਲਾਜਵਿੰਦਰ ਕੁਮਾਰ ਅਤੇ ਸੰਦੀਪ ਕੌਸ਼ਲ ਵੱਲੋਂ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦਿਨੇਸ਼ ਗੁਪਤਾ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਹੋਣ 'ਤੇ ਇਸ ਜਾਂਚ ਮੁਹਿੰਮ ਵਿੱਚ ਲਿਆਂਦੀ ਗਈ ਤੇਜ਼ੀ ਤਹਿਤ ਵੱਖ-ਵੱਖ ਖੇਤਰਾਂ ਵਿੱਚ 43 ਦਵਾਈਆਂ ਵੇਚਣ ਵਾਲੀਆਂ ਦੁਕਾਨਾਂ (ਮੈਡੀਕਲ ਸਟੋਰ) 'ਤੇ ਜਾਂਚ ਕੀਤੀ ਗਈ। ਜਿਸ ਦੌਰਾਨ ਸ਼ੱਕੀ ਪਾਈਆਂ ਗਈਆਂ ਦਵਾਈਆਂ ਦੇ 16 ਨਮੂਨੇ ਲਏ ਗਏ ਹਨ, ਜੋ ਕਿ ਜਾਂਚ ਲਈ ਸਰਕਾਰੀ ਲੈਬਾਰਟਰੀ ਖਰੜ ਵਿਖੇ ਭੇਜੇ ਗਏ ਹਨ।
ਰਿਪੋਰਟ ਆਉਣ 'ਤੇ ਦੋਸ਼ੀ ਦਵਾਈ ਵਿਕਰੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋ ਦੁਕਾਨਾਂ ਤੋਂ ਅਜਿਹੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਕਿਸੇ ਵਿਅਕਤੀ ਨੂੰ ਵਾਰ-ਵਾਰ ਉਹ ਦਵਾਈ ਖਾਣ ਦੀ ਆਦਤ ਬਣ ਜਾਂਦੀ ਹੈ, ਜੋ ਕਿ ਸਿਹਤ ਦੇ ਲਿਹਾਜ਼ ਨਾਲ ਗਲਤ ਹੈ। ਇਨ੍ਹਾਂ ਦੁਕਾਨਦਾਰਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦਵਾਈ ਵਿਕਰੇਤਾਵਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਸ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਿਲ ਪਾਏ ਜਾਣਗੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।