
ਪੰਜਾਬ 'ਚ ਮੈਡੀਕਲ ਟੂਰਿਜ਼ਮ ਲਈ ਸਰਟੀਫ਼ਿਕੇਟ ਕੋਰਸ ਸ਼ੁਰੂ ਕਰਨ ਦਾ ਐਲਾਨ
ਚੰਡੀਗੜ੍ਹ : ਯੋਗ ਦਿਵਸ ਮੌਕੇ ਇਨਵੈਸਟ ਪੰਜਾਬ ਵੱਲੋਂ ਆਈ.ਸੀ.ਐਸ.ਆਈ. (ਇੰਟਰਲਨੈਸ਼ਨਲ ਚੈਂਬਰ ਫ਼ਾਰ ਸਰਵਿਸ ਇੰਡਸਟਰੀ) ਦੇ ਸਹਿਯੋਗ ਨਾਲ ਕੌਮਾਂਤਰੀ ਯੋਗ ਦਿਵਸ ਕਾਨਫ਼ਰੰਸ ਕਰਵਾਈ ਗਈ। ਪੰਜਾਬ ਨੂੰ ਮੈਡੀਕਲ ਟੂਰਿਜ਼ਮ ਹੱਬ ਬਣਾਉਣ ਲਈ ਉਸਾਰੂ ਮਹੌਲ ਸਿਰਜਣ ਸਬੰਧੀ ਵਿਚਾਰ ਚਰਚਾ ਲਈ ਇਸ ਕਾਨਫ਼ਰੰਸ 'ਚ ਯੂ.ਐਸ.ਏ., ਬ੍ਰਿਟੇਨ, ਥਾਈਲੈਂਡ, ਵੱਡੇ ਉਦਯੋਗਿਕ ਘਰਾਣਿਆਂ, ਕਾਰਪੋਰੇਟ, ਪੋਟੈਸ਼ਲ ਇਨਟੈਸਟਰਜ਼ ਅਤੇ ਵੈੱਲਨੈੱਸ ਇੰਡਸਟਰੀ ਦੇ ਨੀਤੀ ਘਾੜਿਆਂ ਨੇ ਭਾਗ ਲਿਆ।
International Yoga Day Conference on Wellness- Health & Medical Tourism
ਉਦਘਾਟਨੀ ਭਾਸ਼ਣ 'ਚ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਧੁਨਿਕ ਯੁੱਗ 'ਚ ਹਰੇਕ ਵਿਅਕਤੀ ਮਕੈਨੀਕਲ ਬਣਦਾ ਜਾ ਰਿਹਾ ਹੈ ਅਤੇ ਹਰ ਕੋਈ ਸਰੀਰਕ ਕਸਰਤ ਕਰਨ ਤੋਂ ਟਾਲਾ ਵੱਟਦਾ ਹੈ ਜੋ ਕਿ ਹਰ ਸਮੱਸਿਆ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਤਰ੍ਹਾਂ ਦੀ ਕਸਰਤ ਜਾਂ ਯੋਗਾ ਕਰ ਰਿਹਾ ਹੈ ਉਹ ਦੂਸਰਿਆਂ ਨਾਲੋਂ ਜ਼ਿਆਦਾ ਸਮਰੱਥ ਅਤੇ ਕੁਸ਼ਲ ਹੈ। ਯੋਗਾ ਨੂੰ ਰੋਜ਼ਮਰਾ ਦੀ ਆਦਤ ਬਣਾ ਕੇ ਸੂਬੇ ਦੇ ਹਰੇਕ ਵਿਅਕਤੀ ਨੂੰ ਯੋਗ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਇਕ ਪ੍ਰਮੁੱਖ ਪ੍ਰਗਰਾਮ ਦੀ ਸ਼ੁਰੂਆਤ ਕਰ ਰਹੀ ਹੈ।
International Yoga Day Conference on Wellness- Health & Medical Tourism
ਸਿੱਧੂ ਨੇ ਐਲਾਨ ਕੀਤਾ ਕਿ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਨੇ ਯੋਗਾ ਨਾਲ ਸਬੰਧਤ ਖ਼ਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ 'ਤੇ ਭਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਅਸਾਮੀਆਂ 'ਤੇ ਮਾਹਿਰਾਂ ਦੀ ਭਰਤੀ ਕਰ ਕੇ ਲੋਕਾਂ ਦੀ ਯੋਗ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਤੰਦਰੁਸਤੀ ਵੱਲ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਪੰਜਾਬ ਵਿਚ ਮੈਡੀਕਲ ਟੂਰਿਜ਼ਮ ਲਈ ਸਰਟੀਫ਼ਿਕੇਟ ਕੋਰਸ ਸ਼ੁਰੂ ਕਰਨ ਸਬੰਧੀ ਵੀ ਮੰਨਜ਼ੂਰੀ ਦਿੱਤੀ।
International Yoga Day Conference on Wellness- Health & Medical Tourism
ਇਸ ਮੌਕੇ ਸਿੱਧੂ ਵੱਲੋਂ ਮੈਡੀਕਲ ਟੂਰਿਜ਼ਮ ਵੈੱਬ ਪੋਰਟਲ myhealthtrip.com ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਹਾਈਬ੍ਰਿਡ ਐਪ ਐਮ.ਐਚ.ਟੀ. ਅਤੇ ਵੈੱਲਨੈੱਸ ਤੇ ਸਿਹਤ ਇੰਡਸਟਰੀ 'ਤੇ ਕੇਂਦਰਿਤ ਉੱਤਰੀ ਭਾਰਤੀ ਦੇ ਈ-ਮੈਗਜ਼ੀਨ ਮਾਈਹੈਲਥ ਟਰਿਪ ਦਾ ਪਹਿਲਾ ਅਡੀਸ਼ਨ ਵੀ ਲਾਂਚ ਕੀਤਾ ਗਿਆ। ਇਸ ਮੌਕੇ ਡੀ.ਕੇ. ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਦੀ ਪ੍ਰਧਾਨਗੀ ਹੇਠ ਕਾਨਫ਼ਰੰਸ ਦੇ ਦੂਜੇ ਸੈਸ਼ਨ ਦੌਰਾਨ ਸੂਬੇ ਵਿਚ ਵੈਲਨੈੱਸ ਅਤੇ ਮੈਡੀਕਲ ਟੂਰਿਜ਼ਮ ਇੰਡਸਟੀ ਨੂੰ ਹੁਲਾਰਾ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ।