ਗਾਂ ਨੂੰ ‘ਮਾਂ’ ਕਹਿਣ ਵਾਲੇ ਵੀ ਨਹੀਂ ਕਰ ਸਕਦੇ, ਜਿਵੇਂ ਦੀ ਸੇਵਾ ਕਰ ਰਿਹਾ ਹੈ ਇਹ ਸਰਦਾਰ
ਅੰਮ੍ਰਿਤਸਰ (ਅਰਪਨ ਕੌਰ/ਕਮਲਜੀਤ ਕੌਰ): ਅਕਸਰ ਅਸੀਂ ਦੇਖਦੇ ਹਾਂ ਕਿ ਦੇਸ਼ ਵਿਚ ਕਈ ਲੋਕ ਗਾਂ ਨੂੰ ਧਰਮ ਨਾਲ ਜੋੜ ਦਿੰਦੇ ਹਨ। ਇਸ ਦੇ ਬਾਵਜੂਦ ਕਈ ਥਾਵਾਂ ਵਿਚ ਗਾਵਾਂ ਨੂੰ ਬਹੁਤ ਤਰਸਯੋਗ ਹਾਲਤ ਵਿਚ ਦੇਖਿਆ ਜਾਂਦਾ ਹੈ। ਅੰਮ੍ਰਿਤਸਰ ਵਿਖੇ ਸਥਿਤ ਕਾਮਧੇਨੂ ਗਊ ਧਾਮ ਟਰੱਸਟ ਵਲੋਂ ਬਜ਼ੁਰਗ ਅਤੇ ਜ਼ਖ਼ਮੀ ਗਾਵਾਂ ਦੀ ਹਾਲਤ ਸੁਧਾਰਨ ਲਈ ਕੰਮ ਕੀਤਾ ਜਾ ਰਿਹਾ ਹੈ, ਖ਼ਾਸ ਗੱਲ ਇਹ ਹੈ ਕਿ ਇਹ ਸ਼ਲਾਘਾਯੋਗ ਕੰਮ ਇਕ ਸਰਦਾਰ ਜੀ ਵਲੋਂ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ਵਾਸੀ ਸੁੱਖਅੰਮ੍ਰਿਤ ਸਿੰਘ ਦਾ ਕਹਿਣਾ ਹੈ ਕਿ ਮੈਂ ਗਾਂ ਨੂੰ 'ਮਾਂ' ਨਹੀਂ ਮੰਨਦਾ ਤੇ ਨਾ ਹੀ ‘ਪੂਜਾ’ ਕਰਦਾ ਹਾਂ ਪਰ ਸੱਚੇ ਦਿਲੋਂ ਸੇਵਾ ਅਤੇ ਸਤਿਕਾਰ ਜ਼ਰੂਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਗਾਂ ਨੂੰ ਧਰਮ ਨਾਲ ਜੋੜਨ ਵਾਲੇ ਲੋਕ ਵੀ ਗਾਵਾਂ ਦੀ ਮਦਦ ਲਈ ਅੱਗੇ ਨਹੀਂ ਆਉਂਦੇ। ਗਊਸ਼ਾਲਾਵਾਂ ਵਿਚ ਵੀ ਉਨ੍ਹਾਂ ਗਾਵਾਂ ਨੂੰ ਹੀ ਰੱਖਿਆ ਜਾ ਰਿਹਾ ਹੈ, ਜੋ ਦੁੱਧ ਦਿੰਦੀਆਂ ਹਨ ਜਦਕਿ ਸੜਕਾਂ ’ਤੇ ਰੁਲ਼ ਰਹੀਆਂ ਗਾਵਾਂ ਦੀ ਸੇਵਾ ਕੋਈ ਨਹੀਂ ਕਰਦਾ। ਗਊਸ਼ਾਲਾਵਾਂ ਨੂੰ ਇਕ ‘ਧਾਰਮਕ’ ਟਰੱਸਟ ਵਜੋਂ ਦੇਖਿਆ ਜਾਂਦਾ ਹੈ।
ਗਾਂ ਨੂੰ ਧਰਮ ਨਾਲ ਜੋੜੇ ਜਾਣ ਸਬੰਧੀ ਸੁੱਖਅੰਮ੍ਰਿਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਇਸ ਸੇਵਾ ਨੂੰ ਧਰਮ ਨਾਲ ਨਹੀਂ ਜੋੜਿਆ। ਉਨ੍ਹਾਂ ਦਸਿਆ ਕਿ ਸੱਭ ਤੋਂ ਪਹਿਲਾਂ ਗਊਸ਼ਾਲਾਵਾਂ ਨੂੰ ਬਣਾਉਣ ਦਾ ਉਦੇਸ਼ ਇਹੀ ਸੀ ਕਿ ਬਜ਼ੁਰਗ, ਬਿਮਾਰ ਜਾਂ ਜ਼ਖ਼ਮੀ ਗਾਵਾਂ ਦੀ ਦੇਖਭਾਲ ਕੀਤੀ ਜਾਵੇ। ਅੱਜ ਕੱਲ੍ਹ ਡੇਅਰੀ ਫਾਰਮਾਂ ਵਿਚ ਗਾਂ ਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਗਰਭਵਤੀ ਕਰ ਦਿਤਾ ਜਾਂਦਾ ਹੈ ਤਾਂ ਜੋ ਉਹ ਦੁੱਧ ਦੇ ਸਕਣ। 8 ਸਾਲ ਦੀ ਉਮਰ ਬਾਅਦ ਜਦੋਂ ਗਾਂ ਦੁੱਧ ਦੇਣ ਤੋਂ ਹਟ ਜਾਂਦੀ ਹੈ ਤਾਂ ਉਸ ਨੂੰ ਬਾਹਰ ਕੱਢ ਦਿਤਾ ਜਾਂਦਾ ਹੈ, ਜੋ ਕਿ ਗ਼ੈਰ-ਕਾਨੂੰਨੀ ਹੈ। ਜਦੋਂ ਗਾਂ ਨੂੰ ਸੜਕ ’ਤੇ ਛੱਡ ਦਿਤਾ ਜਾਂਦਾ ਹੈ ਤਾਂ ਉਹ ਖਾਣ ਲਈ ਇਧਰ-ਉਧਰ ਘੁੰਮਦੀ ਹੈ ਅਤੇ ਕੂੜੇਦਾਨ ਵੱਲ ਜਾਂਦੀ ਹੈ। ਇਸ ਦੌਰਾਨ ਉਹ ਕਈ ਹਾਨੀਕਾਰਕ ਚੀਜ਼ਾਂ ਵੀ ਨਿਗਲ ਲੈਂਦੀ ਹੈ, ਜਿਸ ਕਾਰਨ ਉਸ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ।
ਇਸ ਗਊ ਧਾਮ ਵਲੋਂ ਤੰਦਰੁਸਤ ਜਾਂ ਦੁੱਧ ਦੇਣ ਵਾਲੀਆਂ ਗਾਵਾਂ ਨਹੀਂ ਰੱਖੀਆਂ ਜਾ ਰਹੀਆਂ ਸਗੋਂ ਬਜ਼ੁਰਗ, ਬਿਮਾਰ ਜਾਂ ਜ਼ਖ਼ਮੀ ਗਾਵਾਂ ਦੀ ਹੀ ਦੇਖਭਾਲ ਕੀਤੀ ਜਾ ਰਹੀ ਹੈ। ਇਥੇ ਇਕ ਡਾਕਟਰ ਵੀ ਰੱਖਿਆ ਹੋਇਆ ਹੈ। ਸੁੱਖਅੰਮ੍ਰਿਤ ਸਿੰਘ ਨੇ ਦਸਿਆ ਕਿ ਇਥੇ ਜ਼ਿਆਦਾਤਰ ਗਾਵਾਂ ਦੇ ਪੇਟ ਵਿਚ ਪਲਾਸਟਿਕ, ਰੱਸੇ ਅਤੇ ਬੋਰੇ ਆਦਿ ਹਨ, ਜਿਸ ਲਈ ਡਾਕਟਰੀ ਸਹਾਇਤਾ ਦੀ ਲੋੜ ਹੈ। ਇਸ ਸਮੇਂ ਗਊ ਧਾਮ ਵਿਚ 270 ਗਾਵਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਲਈ ਇਕ ਮਿੰਨੀ ਹਸਪਤਾਲ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਗਊਸ਼ਾਲਾਵਾਂ ਵਲੋਂ ਵੀ ਮੈਡੀਕਲ ਜਾਂਚ ਲਈ ਗਾਵਾਂ ਨੂੰ ਇਥੇ ਭੇਜਿਆ ਜਾਂਦਾ ਹੈ, ਜਿਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਕਾਮਧੇਨੂ ਗਊ ਧਾਮ ਟਰੱਸਟ ਨਵੀਂ ਦਿੱਲੀ ਵਿਖੇ ਰਜਿਸਟਰਡ ਹੈ। ਇਕ ਗਊਸ਼ਾਲਾ ਮਹਾਰਾਸ਼ਟਰਾ ਵਿਚ ਚੱਲ ਰਹੀ ਹੈ ਅਤੇ ਦੂਜੀ ਅੰਮ੍ਰਿਤਸਰ ਵਿਖੇ ਹੈ। ਗਊ ਧਾਮ ਵਿਚ 270 ਗਾਵਾਂ ਦੀ ਦੇਖਭਾਲ ਲਈ 13-14 ਸੇਵਾਦਾਰ ਰੱਖੇ ਗਏ ਹਨ। ਇਸ ਤੋਂ ਇਲਾਵਾ ਡਾਕਟਰ, ਗਾਰਡ ਅਤੇ ਮੈਨੇਜਰ ਆਦਿ ਸੇਵਾਵਾਂ ਦੇ ਰਹੇ ਹਨ। ਇਕ ਗਾਂ ਦਾ ਖਰਚਾ 100 ਰੁਪਏ ਪ੍ਰਤੀ ਦਿਨ ਹੈ, ਜੋ ਕਿ ਪ੍ਰਤੀ ਮਹੀਨਾ 8 ਲੱਖ ਰੁਪਏ ਬਣਦਾ ਹੈ। ਕਈ ਲੋਕਾਂ ਨੇ ਇਥੇ ਗਾਵਾਂ ਨੂੰ ਗੋਦ ਵੀ ਲਿਆ ਹੈ, ਹਾਲਾਂਕਿ ਉਹ ਗਾਵਾਂ ਨੂੰ ਘਰ ਨਹੀਂ ਲੈ ਕੇ ਜਾਂਦੇ ਸਗੋਂ ਉਹ ਉਸ ਦਾ ਸਾਰਾ ਖਰਚਾ ਚੁੱਕਦੇ ਹਨ ਅਤੇ ਕੁੱਝ ਦਿਨਾਂ ਬਾਅਦ ਉਸ ਨੂੰ ਮਿਲਣ ਲਈ ਵੀ ਆਉਂਦੇ ਹਨ। ਟਰੱਸਟ ਵਲੋਂ ਹੋਰ ਲੋਕਾਂ ਨੂੰ ਵੀ ਇਕ-ਇਕ ਗਾਂ ਨੂੰ ਗੋਦ ਲੈਣ ਦੀ ਅਪੀਲ ਕੀਤੀ ਗਈ ਹੈ। ਟਰੱਸਟ ਦੇ ਸੰਸਥਾਪਕ ਦਾ ਵੀ ਇਹੀ ਮੰਨਣਾ ਹੈ ਕਿ ਧਰਮ ਬਾਅਦ ਵਿਚ ਆਉਂਦਾ ਹੈ, ਪਹਿਲਾਂ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਜੇਕਰ ਅਸੀਂ ਚੰਗੇ ਇਨਸਾਨ ਬਣ ਕੇ ਸੇਵਾ ਕਰੀਏ ਤਾਂ ਧਰਮ ਦੀਆਂ ਹੱਦਾਂ ਅਪਣੇ-ਆਪ ਮਿੱਟ ਜਾਣਗੀਆਂ।