
ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਾਰੇ ਲਿਆਂਦੇ ਗਏ ਆਰਡੀਨੈਂਸਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਾਰੇ ਲਿਆਂਦੇ ਗਏ ਆਰਡੀਨੈਂਸਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਸਪਸ਼ਟੀਕਰਨ ਲੈਣ ਲਈ ਸੁਖਬੀਰ ਸਿੰਘ ਬਾਦਲ ਵਲੋਂ ਸਾਰੀਆਂ ਪਾਰਟੀਆਂ ਦੇ ਵਫ਼ਦ ਦੀ ਅਗਵਾਈ ਕਰਨ ਦੀ ਪੇਸ਼ਕਸ਼ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਜ਼ਾਕ ਉਡਾਇਆ ਹੈ।
PM narendra modi
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਸਮੇਂ ਇਹ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਆਰਡੀਨੈਂਸ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਪੇਸ਼ ਕੀਤੇ ਸਨ, ਬਾਦਲਾਂ ਨੂੰ ਉਸੇ ਵਕਤ ਸਖ਼ਤ ਵਿਰੋਧ ਕਰ ਕੇ ਮੋਦੀ ਦੀ ਤਾਨਾਸ਼ਾਹੀ ਰੋਕਣੀ ਚਾਹੀਦੀ ਸੀ,
Harsimrat Badal
ਪਰੰਤੂ ਅਜਿਹਾ ਕਰ ਕੇ ਬਾਦਲ ਪਰਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨੂੰ ਖ਼ਤਰੇ 'ਚ ਨਹੀਂ ਪਾਉਣਾ ਚਾਹੁੰਦਾ ਸੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਟੱਬਰ ਇਕ ਵਜ਼ੀਰੀ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ-ਮੁਨੀਮਾਂ, ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੇ ਹਿਤਾਂ ਨੂੰ ਸੂਲੀ ਚਾੜ ਸਕਦਾ ਹੈ, ਉਹ ਹੁਣ ਹੋਰ ਕਿਹੜੀ 'ਕੁਰਬਾਨੀ' ਦੇਣ ਦੀਆਂ ਗੱਲਾਂ ਕਰ ਰਿਹਾ ਹੈ।
Sukhbir Badal
ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਗੱਲਾਂ ਤੋਂ ਇੰਜ ਲਗਦਾ ਹੈ ਜਿਵੇਂ ਤੁਸੀ (ਸੁਖਬੀਰ) 'ਕੁਰਬਾਨੀ' ਸ਼ਬਦ ਦੇ ਅਰਥਾਂ, ਅਹਿਮੀਅਤ ਅਤੇ ਇਤਿਹਾਸ ਤੋਂ ਬਿਲਕੁਲ ਕੋਰੇ ਹੋ। ਕਿਰਪਾ ਕਰਕੇ ਕਿਸੇ ਪੁਰਾਣੇ ਅਤੇ ਸੱਚੇ-ਸੁੱਚੇ ਅਕਾਲੀ ਕੋਲੋਂ ਪਹਿਲਾਂ 'ਕੁਰਬਾਨੀ' ਸ਼ਬਦ ਦੇ ਮਤਲਬ ਅਤੇ ਮਕਸਦਾਂ ਬਾਰੇ ਸਮਝੋ ਫਿਰ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਿੰਨੇ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿਸ ਨੂੰ ਅੱਜ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿਤਾ ਹੈ।